ਦੀਵਾਲੀ ਦੀ ਰਾਤ ਰਾਂਚੀ ਦੇ ਖਾਦਗੜ੍ਹਾ ਬੱਸ ਸਟੈਂਡ ਤੋਂ ਇੱਕ ਬੱਸ ਨੂੰ ਅੱਗ ਲੱਗ ਗਈ। ਬੀਤੀ ਰਾਤ ਇੱਥੇ ਮੂਨਲਾਈਟ ਨਾਮ ਦੀ ਬੱਸ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਬੱਸ ਵਿੱਚ ਸੁੱਤੇ ਦੋ ਵਿਅਕਤੀ ਝੁਲਸ ਗਏ। ਦੋਵੇਂ ਮ੍ਰਿਤਕਾਂ ਦੀ ਪਛਾਣ ਮਦਨ ਮਹਤੋ ਅਤੇ ਇਬਰਾਹਿਮ ਵਜੋਂ ਹੋਈ ਹੈ। ਇਹ ਦੋਵੇਂ ਬੱਸ ਦੇ ਡਰਾਈਵਰ-ਕੰਡਕਟਰ ਦੱਸੇ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦੇਰ ਰਾਤ ਦੀ ਹੈ। ਫਿਲਹਾਲ ਖਾਦਗੜ੍ਹਾ ਟੀਓਪੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ ਰਾਂਚੀ ਤੋਂ ਸਿਮਡੇਗਾ ਰੂਟ ‘ਤੇ ਚੱਲਦੀ ਸੀ। ਪੁਲਿਸ ਅਨੁਸਾਰ ਦੀਵਾਲੀ ਦੀ ਰਾਤ ਨੂੰ ਦੀਵੇ ਜਗਾਉਣ ਅਤੇ ਬੱਸ ਵਿੱਚ ਰੱਖਣ ਕਾਰਨ ਅੱਗ ਲੱਗ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਦੀਵਾਲੀ ਵਾਲੀ ਰਾਤ ਬੱਸ ਸਟੈਂਡ ਉਤੇ ਖੜ੍ਹੀ ਬੱਸ ਵਿੱਚ ਦੀਵੇ ਜਗਾ ਕੇ ਡਰਾਈਵਰ ਮਦਨ ਅਤੇ ਕੰਡਕਟਰ ਇਬਰਾਹੀਮ ਬੱਸ ਦੇ ਅੰਦਰ ਹੀ ਸੌਂ ਗਏ ਸਨ। ਫਿਰ ਦੀਵੇ ਤੋਂ ਬੱਸ ਨੂੰ ਅੱਗ ਲੱਗ ਗਈ। ਅੱਗ ਇੰਨੀ ਜ਼ਬਰਦਸਤ ਸੀ ਕਿ ਪੂਰੀ ਬੱਸ ਲਪੇਟ ਵਿਚ ਆ ਗਈ।
ਪੁਲਿਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ, ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ।
ਅੱਗ ਬੁਝਾਉਣ ਤੋਂ ਬਾਅਦ ਬੱਸ ਵਿੱਚੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ।
ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।






