ਹਰਿਆਣਾ ਦੇ ਭਿਵਾਨੀ ਵਿਚ 26 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦਾ ਇਲਜ਼ਾਮ ਉਸ ਦੇ ਦੋਸਤਾਂ ਉਤੇ ਲੱਗਾ ਹੈ, ਜਿਨ੍ਹਾਂ ਨੇ ਘਰ ਦੇ ਬਾਹਰ ਹੀ ਚਾਕੂ ਨਾਲ ਵਾਰ ਕਰਕੇ ਆਪਣੇ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਫਿਲਹਾਲ ਪੁਲਿਸ ਨੇ ਨਾਮਜ਼ਦ ਚਾਰਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਆਰੀਅਨ ਚੌਧਰੀ ਨੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਇਹ ਸਾਰਾ ਮਾਮਲਾ ਬੀਤੀ ਦੇਰ ਰਾਤ ਹਨੂੰਮਾਨ ਢਾਣੀ ਇਲਾਕੇ ਦਾ ਹੈ, ਜਿੱਥੇ 26 ਸਾਲਾ ਨੌਜਵਾਨ ਰਾਹੁਲ ਸੋਨੀ ਨੂੰ ਅੱਧੀ ਰਾਤ ਨੂੰ ਉਸ ਦੇ 4-5 ਦੋਸਤਾਂ ਨੇ ਘਰੋਂ ਬਾਹਰ ਬੁਲਾ ਕੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਰਾਹੁਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਆਪਣੇ ਪੁੱਤਰ ਨੂੰ ਖੂਨ ਨਾਲ ਲਥਪਥ ਦੇਖ ਕੇ ਪਿਤਾ ਕੁਝ ਨਾ ਕਰ ਸਕਿਆ ਅਤੇ ਅੱਧੇ ਘੰਟੇ ‘ਚ ਹੀ ਗਲੀ ‘ਚ ਪਏ ਰਾਹੁਲ ਦੀ ਮੌਤ ਹੋ ਗਈ।
ਜਦੋਂ ਗੁਆਂਢੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਐਂਬੂਲੈਂਸ ਬੁਲਾਈ ਪਰ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਰਾਹੁਲ ਨੂੰ ਮ੍ਰਿਤਕ ਐਲਾਨ ਦਿੱਤਾ। ਰਾਹੁਲ ਦੇ ਪਿਤਾ ਰਤਨ ਸੋਨੀ ਨੇ ਦੱਸਿਆ ਕਿ ਅੱਧੀ ਰਾਤ ਨੂੰ ਤਿੰਨ ਨੌਜਵਾਨ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਦੇ ਪੁੱਤਰ ਨਾਲ ਝਗੜਾ ਕਰਨ ਲੱਗੇ।
ਇਹ ਸਾਰੇ ਰਾਹੁਲ ਦੇ ਦੋਸਤ ਸਨ, ਫਿਰ ਉਨ੍ਹਾਂ ਨੂੰ ਸਮਝਾ ਕੇ ਭੇਜ ਦਿੱਤਾ ਗਿਆ, ਪਰ ਉਹ ਅੱਧੇ ਘੰਟੇ ਬਾਅਦ ਵਾਪਸ ਆ ਗਏ। ਅੱਧੀ ਰਾਤ ਤੋਂ ਬਾਅਦ ਉਨ੍ਹਾਂ ਨੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਅਤੇ ਜਿਵੇਂ ਹੀ ਰਾਹੁਲ ਘਰ ਤੋਂ ਬਾਹਰ ਆਇਆ ਤਾਂ ਚਾਕੂਆਂ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਰਤਨ ਨੇ ਰੋਂਦੇ ਹੋਏ ਦੱਸਿਆ ਕਿ ਘਰ ਦੇ ਸਾਹਮਣੇ ਗਲੀ ‘ਚ ਖੂਨ ਨਾਲ ਲਥਪਥ ਪਏ ਰਾਹੁਲ ਦੀ ਅੱਧੇ ਘੰਟੇ ਬਾਅਦ ਮੌਤ ਹੋ ਗਈ। ਇਸ ਦੌਰਾਨ ਉਹ ਪੁਲਿਸ ਜਾਂ ਐਂਬੂਲੈਂਸ ਨੂੰ ਵੀ ਨਹੀਂ ਬੁਲਾ ਸਕਿਆ।






