ਐੱਨਆਈਏ ਦੀ ਟੀਮ ਦੇ ਵੱਲੋਂ ਸੋਮਵਾਰ ਸਵੇਰੇ ਪੰਜਾਬ ਦੇ ਮਸ਼ਹੂਰ ਗਾਇਕ ਕੰਵਰ ਗਰੇਵਾਲ ਦੇ ਘਰ ਛਾਪੇਮਾਰੀ ਕੀਤੀ ਗਈ । ਮਿਲੀ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਐੱਨਆਈਏ ਦੀ ਟੀਮ ਗਾਇਕਾਂ ਅਤੇ ਗੈਂਗਸਟਰਾਂ ਵਿਚਾਲੇ ਸਬੰਧਾਂ ਦੀ ਜਾਂਚ ਕਰ ਰਹੀ ਹੈ। ਸੂਫੀ ਗਾਇਕ ਕੰਵਰ ਗਰੇਵਾਲ ਦੇ ਸੈਕਟਰ 104 ਸਥਿਤ ਤਾਜ ਟਾਵਰ ‘ਤੇ ਐੱਨਆਈਏ ਦੀ ਟੀਮ ਨੇ ਛਾਪਾ ਮਾਰ ਕੇ ਪੂਰੇ ਟਾਵਰ ਨੂੰ ਸੀਲ ਕਰ ਦਿੱਤਾ ਹੈ।
ਟਾਵਰ ‘ਚੋਂ ਕਿਸੇ ਨੂੰ ਵੀ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਜਿਨ੍ਹਾਂ ਲੋਕਾਂ ਨੂੰ ਸਵੇਰੇ ਆਪਣੇ ਦਫ਼ਤਰਾਂ ਨੂੰ ਜਾਣਾ ਪੈਂਦਾ ਸੀ, ਉਹ ਨਹੀਂ ਜਾ ਸਕੇ ।ਐਨਆਈਏ ਦੀ ਟੀਮ ਵੱਲੋਂ ਕੰਵਰ ਗਰੇਵਾਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਤੁਹਾਨੂੰ ਦੱਸ ਦਈਏ ਕਿ ਕੰਵਰ ਗਰੇਵਾਲ ਨੇ ਕਿਸਾਨ ਲਹਿਰ ਵਿੱਚ ਸਰਗਰਮ ਭੂਮਿਕਾ ਨਿਭਾਈ ਅਤੇ ਕਿਸਾਨ ਲਹਿਰ ਨੂੰ ਅੱਗੇ ਵਧਾਉਣ ਲਈ ਕਈ ਗੀਤ ਗਾਏ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਐੱਨਆਈਏ ਗਾਇਕਾਂ ਅਤੇ ਗੈਂਗਸਟਰਾਂ ਦੇ ਆਪਸੀ ਸਬੰਧਾਂ ਦਾ ਪਤਾ ਲਗਾਉਣ ਲਈ ਸਰਗਰਮ ਹੈ। ਮੂਸੇਵਾਲ ਦੇ ਕਤਲ ਤੋਂ ਬਾਅਦ ਪੰਜਾਬ ਦੀ ਗਾਇਕਾ ਅਫਸਾਨਾ ਖਾਨ ਨੂੰ ਐਨਆਈਏ ਨੇ ਪੁੱਛਗਿੱਛ ਲਈ ਸਭ ਤੋਂ ਪਹਿਲਾਂ ਬੁਲਾਇਆ ਸੀ। ਉਨ੍ਹਾਂ ਦੇ ਉੱਪਰ ਇਹ ਇਲਜ਼ਾਮ ਹੈ ਕਿ ਅਫਸਾਨਾ ਖਾਨ ਗੈਂਗਸਟਰਾਂ ਦੇ ਬੰਬੀਹਾ ਗਰੁੱਪ ਨੂੰ ਉਤਸ਼ਾਹਿਤ ਕਰਦੀ ਹੈ।ਇਸ ਤੋਂ ਪਹਿਲਾਂ ਦਿਲਪ੍ਰੀਤ ਢਿੱਲੋਂ, ਜੈਨੀ ਜੌਹਲ, ਅਫਸਾਨਾ ਖਾਨ ਤੋਂ ਵੀ ਪੁੱਛ ਗਿੱਛ ਕੀਤੀ ਜਾ ਚੁੱਕੀ ਹੈ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਇਸ ਤੋਂ ਪਹਿਲਾਂ ਵੀ ਗੈਂਗਸਟਰ ਮਾਮਲੇ ਵਿੱਚ ਕਾਰਵਾਈ ਕੀਤੀ ਸੀ।ਐੱਨਆਈਏ ਨੇ ਪੰਜਾਬ ਦੇ ਲੁਧਿਆਣਾ ਅਤੇ ਤਰਨਤਾਰਨ ਵਿੱਚ ਛਾਪੇਮਾਰੀ ਕੀਤੀ। ਜਾਣਕਾਰੀ ਮੁਤਾਬਕ ਐੱਨਆਈਏ ਨੇ ਲੁਧਿਆਣਾ ‘ਚ ਗੈਂਗਸਟਰ ਰਵੀ ਰਾਜਗੜ੍ਹ ਦੇ ਘਰ ਦੀ ਤਲਾਸ਼ੀ ਲਈ ਸੀ। ਉਸ ਦੀ ਮੰਗਣੀ ਰਵੀ ਲਾਰੈਂਸ ਬਿਸ਼ਨੋਈ ਨਾਲ ਹੋਈ ਹੈ। ਇਸ ਕਾਰਨ ਐੱਨਆਈਏ ਨੇ ਕਾਰਵਾਈ ਕੀਤੀ ਸੀ।






