ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀਆਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 5 ਸਤੰਬਰ 2022 ਨੂੰ 8736 ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੇ ਨਾਲ-ਨਾਲ 525 ਇਹਨਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਧਿਆਪਕ ਦਿਵਸ ‘ਤੇ ਐਲਾਨ ਕੀਤਾ ਸੀ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਵੀ 7 ਅਕਤੂਬਰ ਨੂੰ ਜਾਰੀ ਕੀਤਾ ਗਿਆ ਹੈ। ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਬੋਰਡ ਦੇ 525 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਫਾਰਮ ਭਰ ਕੇ ਦੇਣ ਦੀ ਪ੍ਰਵਾਨਗੀ 21 ਨਵੰਬਰ 2022 ਨੂੰ ਦੇ ਦਿੱਤੀ ਗਈ ਸੀ, ਜਿਸ ਤਹਿਤ ਬੋਰਡ ਦੇ 525 ਕੱਚੇ ਮੁਲਾਜ਼ਮਾਂ ਨੇ ਆਪਣੇ ਫਾਰਮ ਭਰਕੇ ਬੋਰਡ ਦਫਤਰ ਜਮ੍ਹਾਂ ਕਰਵਾ ਦਿੱਤੇ ਸੀ ਪ੍ਰੰਤੂ ਹਾਲੇ ਤੱਕ ਪੱਕੇ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ।
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਡੇਲੀਵੇਜ਼ ਕਰਮਚਾਰੀ ਯੂਨੀਅਨ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਤੋਂ ਮੰਗ ਕਰਦੀ ਹੈ ਕਿ ਬੋਰਡ ਦੇ 525 ਕੱਚੇ ਮੁਲਾਜਮਾਂ ਦੇ ਪੱਕੇ ਹੋਣ ਵਾਲੇ ਫਾਰਮਾਂ ਤੇ ਜਲਦੀ ਤੋਂ ਜਲਦੀ ਦਫਤਰੀ ਕਾਰਵਾਈ ਕਰਕੇ ਬੋਰਡ ਦੇ 525 ਕੱਚੇ ਮੁਲਾਜਮਾਂ ਨੂੰ ਨਵੇਂ ਸਾਲ ਤੇ ਨਿਯੁਕਤੀ ਪੱਤਰ ਦਿੱਤੇ ਜਾਣ ਤਾਂ ਜੋ ਡੇਲੀਵੇਜ ਕਰਮਚਾਰੀ ਨਵੇਂ ਸਾਲ ਦਾ ਸਵਾਗਤ ਆਪਣੇ ਗਰੀਬ ਪਰਿਵਾਰਾਂ ਨਾਲ ਖੁਸ਼ੀਆਂ ਖੇੜਿਆਂ ਨਾਲ ਮਨਾਉਣ।
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ, ਜਨਰਲ ਸਕੱਤਰ ਇੰਦਰਜੀਤ ਸਿੰਘ, ਖਜਾਨਚੀ ਬੂਟਾ ਸਿੰਘ, ਮਨਦੀਪ ਸਿੰਘ, ਤੇਜਿੰਦਰ ਸਿੰਘ, ਭਗਵੰਤ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਨਿਰਮਲ ਸਿੰਘ, ਸੁਖਵੀਰ ਸਿੰਘ, ਰਾਜਪਾਲ ਕੌਰ, ਸੁਸਮਾ, ਸੁਖਵਿੰਦਰ ਕੌਰ, ਸਰਿਸਟਾ, ਸਤਿੰਦਰ ਕੌਰ, ਗੁਰਜੀਤ ਕੌਰ, ਨਰਿੰਦਰ ਕੌਰ, ਸੁਖਰਾਜ ਕੌਰ, ਮਨਿੰਦਰ ਕੌਰ, ਸੀਮਾ ਅਤੇ ਹੋਰ ਕਰਮਚਾਰੀ ਹਾਜਰ ਸਨ।






