ਚੰਡੀਗੜ੍ਹ- ਚੋਣਾਂ ਸਮੇਂ ‘ਆਪ’ ‘ਚ ਸ਼ਾਮਲ ਹੋਏ ਸਾਬਕਾ ਮੰਤਰੀ ਜਗਮੋਹਨ ਕੰਗ ਨੇ ਵਿਜੀਲੈਂਸ ਦੀ ਕਾਰਵਾਈ ਨੂੰ ਨਿੰਦਣਯੋਗ ਦੱਸਿਆ ਹੈ। ਜਗਮੋਹਨ ਸਿੰਘ ਕੰਗ, ਸਾਬਕਾ ਮੰਤਰੀ ਪੰਜਾਬ ਨੇ ਇੱਕ ਬਿਆਨ ਤੇ ਕਿਹਾ ਕਿ ਸ. ਐਨ. ਐਸ. ਪਰਵਾਨ ਜੀ ਦੇ ਸਵਰਗਵਾਸ ਹੋਣ ਤੇ ਬਹੁਤ ਭਾਰੀ ਦੁੱਖ ਹੋਇਆ, ਸਦਮਾ ਪਹੁੰਚਿਆਂ। ਮੈਂ ਵਿਦਿਆਰਥੀ ਨੇਤਾ ਹੋਣ ਦੇ ਸਮੇਂ ਤੋਂ ਸਵ. ਮੁੱਖ ਮੰਤਰੀ ਗਿਆਨੀ ਜੈਲ ਸਿੰਘ ਜੀ ਦੇ ਸਮੇਂ ਤੋਂ ਪਰਵਾਨਾ ਜੀ ਨਾਲ ਬੜਾ ਨੇੜਿਓਂ ਸੰਪਰਕ ਵਿੱਚ ਰਿਹਾ ਹਾਂ। ਪਰਵਾਨਾ ਜੀ ਨੇ ਲੰਮਾ ਸਮਾਂ ਹਿੰਦ ਸਮਾਚਾਰ ਗਰੁੱਪ ਅਤੇ ਹੋਰ ਵੀ ਪ੍ਰੈਸ ਵਿੱਚ ਆਪਣੀ ਸੇਵਾ ਨਿਭਾਈ। ਉਹ ਆਪਣੀ ਕਿਸਮ ਦੇ ਸੱਚੇ-ਪੱਕੇ, ਇਮਾਨਦਾਰ ਅਤੇ ਦਬੰਗ ਪੱਤਰਕਾਰ ਰਹੇ ਹਨ। ਉਨ੍ਹਾਂ ਨੇ ਕਦੇ ਵੀ ਕਿਸੇ ਦਬਾਅ ਥੱਲੇ ਆ ਕੇ ਆਪਣੀ ਕਲਮ ਨਹੀਂ ਰੋਕੀ ਅਤੇ ਨਾ ਹੀ ਵਿਚਾਰ ਧਾਰਾ ਬਦਲੀ ਸੀ। ਉਹ ਸਾਰੀ ਪ੍ਰੈਸ ਵਿੱਚ ਬਹੁਤ ਹੀ ਹਰਮਨ ਪਿਆਰੇ ਸਨ ਅਤੇ ਹਰ ਪੱਖੋਂ ਉਨ੍ਹਾਂ ਦਾ ਮਾਣ ਸਤਿਕਾਰ ਬੁਲੰਦੀਆਂ ਵਿੱਚ ਰਿਹਾ ਹੈ। ਕੰਗ ਨੇ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਇਕੱਲੇ ਪ੍ਰੈਸ ਜਗਤ ਨੂੰ ਹੀ ਨਹੀਂ ਬਲਕਿ ਉਨ੍ਹਾਂ ਦੇ ਸਾਰੇ ਦੋਸਤਾਂ, ਮਿੱਤਰਾਂ, ਸ਼ੁੱਭ ਚਿੰਤਕਾਂ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਸ. ਕੰਗ ਨੇ ਕਿਹਾ ਕਿ ਅੱਜ ਮੈਨੂੰ ਬੜੇ ਪਤਵੰਤਿਆਂ ਅਤੇ ਖ਼ਾਸ ਤੌਰ ਤੇ ਪ੍ਰੈਸ ਦੇ ਫੋਨ ਆਏ, ਕਿ ਕੰਗ ਸਾਹਿਬ ਤੁਸੀਂ ਹੁਣ ਆਮ ਪਾਰਟੀ ਵਿੱਚ ਹੋ। ਪਰ ਜੋ ਪਰਵਾਨਾ ਜੀ ਦੇ ਅੰਤਿਮ ਸੰਸਕਾਰ ਵੇਲੇ ਮੋਹਾਲੀ ਸ਼ਮਸ਼ਾਨਘਾਟ ਵਿਖੇ ਪੰਜਾਬ ਵਿਜੀਲੈਂਸ ਨੇ ਇੱਕ ਕੇਸ ਵਿੱਚ ਪਰਵਾਨਾ ਜੀ ਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਉਹ ਬਹੁਤ ਮੰਦਭਾਗਾ ਹੀ ਨਹੀਂ, ਬਲਕਿ ਨਿਖੇਧੀ ਅਤੇ ਨਿੰਦਣਯੋਗ ਗੱਲ ਵੀ ਹੈ। ਕਿਉਂਕਿ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ। ਇਸ ਬੇਵਕਤਾ ਗ੍ਰਿਫਤਾਰੀ ਦਾ ਸਮਾਜ ਦੇ ਹਰ ਵਰਗ, ਖ਼ਾਸ ਤੌਰ ਤੇ ਸਾਰੀ ਪ੍ਰੈਸ ਤੇ ਬਹੁਤ ਬੁਰਾ ਅਸਰ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਜਾ ਕੋਈ ਵੀ ਵਿਅਕਤੀ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਦੇ ਖ਼ਿਲਾਫ਼ ਨਹੀਂ ਹੈ, ਪਰੰਤੂ ਸਰਕਾਰ ਨੂੰ ਸੰਜਮ ਰੱਖਦੇ ਹੋਏ ਘੱਟੋ-ਘੱਟ ਪਰਵਾਨਾ ਜੀ ਪੁੱਤਰ ਨੂੰ ਉਨ੍ਹਾਂ ਦੇ ਭੋਗ ਤੱਕ ਨਹੀਂ ਸੀ ਗ੍ਰਿਫਤਾਰ ਕਰਨਾ ਚਾਹੀਦਾ। ਕਿਉਂਕਿ ਨਾ ਤਾਂ ਉਹ ਕੋਈ ਨਾਮੀ ਦੋਸ਼ੀ, ਭਗੋੜਾ, ਖ਼ਤਰਨਾਕ ਗੈਂਗਸਟਰ ਜਾ ਡਰੱਗ ਦੇ ਵਪਾਰੀ ਸੀ।
ਕੰਗ ਨੇ ਕਿਹਾ ਕਿ ਸੰਸਕਾਰ ਵੇਲੇ ਉਨ੍ਹਾਂ ਦੇ ਪੁੱਤਰ ਗ੍ਰਿਫਤਾਰੀ ਸਮਾਜ ਦੀਆਂ ਕੀਮਤਾਂ-ਕਦਰਾਂ, ਅਸੂਲਾਂ ਅਤੇ ਸ਼ਿਸ਼ਟਾਚਾਰ ਦੇ ਖ਼ਿਲਾਫ਼ ਹੈ, ਇਹ ਬਹੁਤ ਨਾ-ਵਾਜਬ, ਮੰਦਭਾਗੀ ਗੱਲ ਹੈ। ਜਿਸ ਦਾ ਮੈਨੂੰ ਵੀ ਬਹੁਤ ਭਾਰੀ ਦੁੱਖ ਅਤੇ ਅਫ਼ਸੋਸ ਹੋਇਆ ਹੈ ਅਤੇ ਸਭ ਦੀ ਭਾਵਨਾ ਮੁੱਖ ਮੰਤਰੀ ਜੀ/ਪੰਜਾਬ ਸਰਕਾਰ ਤੱਕ ਪਹੁੰਚਾਵਾਂਗਾ। ਮਹਾਨ ਆਤਮਾ ਪਰਵਾਨਾ ਜੀ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਸਭ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।






