ਕੁਝ ਦਿਨਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਪੱਕੀ ਭਰਤੀ ਨੂੰ ਬੰਦ ਕਰ ਕੇ ਠੇਕਾ ਆਧਾਰ ‘ਤੇ ਭਰਤੀ ਕਰਨ, ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡ ਦੀ ਸਹੂਲਤ ਬੰਦ ਕਰਨ ਅਤੇ ਗਰੈਚੁਟੀ ਦੇ ਸਮੇਂ ਨੂੰ ਘਟਾਉਣ ਜਾ ਰਹੀ ਹੈ । ਇਸ ਸਬੰਧੀ ਚੱਲ ਰਹੀਆਂ ਅਫਵਾਹਾਂ ਨੂੰ ਮੂਲੋਂ ਰੱਦ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀ ਕੋਈ ਵੀ ਯੋਜਨਾ ਨਹੀਂ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਿੱਚ ਬੇਚੈਨੀ ਅਤੇ ਅਸੁਰੱਖਿਆ ਪੈਦਾ ਕਰਨ ਅਤੇ ਸੰਸਥਾ ਦੇ ਅਨੁਸ਼ਾਸਨ ਦੇ ਮਾਹੌਲ ਨੂੰ ਭੰਗ ਕਰਨ ਲਈ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ । ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇੱਕ ਸੰਗਤੀ ਸੰਸਥਾ ਹੋਣ ਦੇ ਨਾਤੇ ਜਿੱਥੇ ਪਾਵਨ ਗੁਰਧਾਮਾਂ ਦੀ ਬਿਹਤਰੀਨ ਸੇਵਾ–ਸੰਭਾਲ ਅਤੇ ਸਰਬਪੱਖੀ ਸਿੱਖ ਹਿੱਤਾਂ ਦੀ ਪਹਿਰੇਦਾਰੀ ਕਰਨ ਲਈ ਤਤਪਰ ਹੈ। ਉੱਥੇ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਅਦਾਰਿਆਂ ਵਿੱਚ ਨੌਕਰੀ ਕਰਨ ਵਾਲੇ ਹਰ ਦਰਜੇ ਦੇ ਮੁਲਾਜ਼ਮਾਂ ਦੀ ਭਲਾਈ ਅਤੇ ਉਨ੍ਹਾਂ ਦੇ ਭਵਿੱਖ ਦੀ ਸੁਰੱਖਿਆ ਲਈ ਵੀ ਵਚਨਬੱਧ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਈ ਕਾਰਪੋਰੇਟ ਅਦਾਰਾ ਨਹੀਂ ਹੈ ਕਿ ਜਿਸ ਦੇ ਮੁਲਾਜ਼ਮਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸੰਸਥਾ ਦੇ ਵਿੱਤੀ ਵਾਧੇ–ਘਾਟੇ ਨੂੰ ਵੇਖ ਕੇ ਨਿਰਧਾਰਿਤ ਕੀਤੀਆਂ ਜਾਣ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚ ਸਮੇਂ ਦੀ ਲੋੜ ਦੇ ਮੁਤਾਬਕ ਭਰਤੀ ਵੱਧ ਜਾਂ ਘੱਟ ਤਾਂ ਕੀਤੀ ਜਾ ਸਕਦੀ ਹੈ ਪਰ ਪੱਕੀ ਭਰਤੀ ਨੂੰ ਸਦਾ ਲਈ ਬੰਦ ਕਰ ਕੇ ਠੇਕਾ ਆਧਾਰਿਤ ਭਰਤੀ ਕਰਨ ਜਾਂ ਮੁਲਾਜ਼ਮਾਂ ਦੇ ਵੱਖ–ਵੱਖ ਫੰਡਾਂ ਦੀਆਂ ਯੋਜਨਾਵਾਂ ਵਿੱਚ ਕੋਈ ਤਬਦੀਲੀ ਕਰਨ ਦੀ ਕੋਈ ਵੀ ਯੋਜਨਾ ਨਹੀਂ ਹੈ।ਉਨ੍ਹਾਂ ਨੇ ਅਜਿਹੀਆਂ ਅਫਵਾਹਾਂ ਦੇ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ ।






