ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਉਪਰ ਪਿਛਲੇ ਸਮੇਂ 2017 ‘ਚ ਫਾਜ਼ਿਲਕਾ ਵਿਖੇ ਐਨਡੀਪੀਐਸ ਐਕਟ ਤਹਿਤ ਝੂਠਾ ਪਰਚਾ ਪੁਲਿਸ ਨੇ ਦਰਜ ਕਰ ਦਿੱਤਾ ਸੀ ਜਿਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਉਸ ਕੇਸ ਦਾ ਸਾਹਮਣਾ ਕੀਤਾ ਤੇ ਆਖਰਕਾਰ ਸਚਾਈ ਦੀ ਜਿੱਤ ਹੋਈ। ਇਸ ਸਬੰਧੀ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਟਵੀਟ ਕਰ ਕੇ ਦੱਸਿਆ ਹੈ ਕਿ ਜੋ ਪਿਛਲੀ ਸਰਕਾਰ ਨੇ ਮੈਨੂੰ ਬਦਨਾਮ ਕਰਨ ਲਈ ਫਾਜ਼ਿਲਕਾ ਵਿਖੇ ਗ਼ਲਤ ਢੰਗ ਨਾਲ ਐਨਡੀਪੀਸੀਐਸ ਤਹਿਤ ਪਰਚਾ ਦਰਜ ਕੀਤਾ ਸੀ, ਉਸ ਕੇਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਜਿਸ ਤੋਂ ਬਾਅਦ ਈਡੀ ਵਾਲਾ ਕੇਸ ਵੀ ਖ਼ਤਮ ਹੋ ਜਾਵੇਗਾ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਧਾਰਾ 319 ਸੀ.ਆਰ.ਪੀ.ਸੀ. ਦੇ ਤਹਿਤ ਮੇਰੇ ਵਿਰੁੱਧ ਫਾਜ਼ਿਲਕਾ NDPS ਮਾਮਲੇ ਵਿੱਚ ਸੰਮਨ ਰੱਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਕੇਸ ਉਨ੍ਹਾਂ ਵਿਰੁੱਧ ਇਕ ਖਤਰਨਾਕ ਤੇ ਕੋਝੀ ਬਦਨਾਮ ਕਰਨ ਦੀ ਸਾਜਿਸ਼ ਸੀ। ਉਨ੍ਹਾਂ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਉੱਤੇ ਮੈਨੂੰ ਪੂਰਾ ਭਰੋਸਾ ਸੀ ਉਹ ਇਨਸਾਫ਼ ਜ਼ਰੂਰ ਦੇਣਗੇ।






