9 ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਣਗੇ 9 ਵਿਸ਼ੇਸ਼ ਦਸਤਖਤੀ ਸਟਾਲ
ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਇਸ ਵਾਰ ਖ਼ਾਲਸਾ ਪੰਥ ਦੇ ਜਾਹੋ-ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ-ਮਹੱਲਾ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਦੇ ਰੰਗ ‘ਚ ਰੰਗਿਆ ਨਜ਼ਰ ਆਵੇਗਾ। ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਲਾ-ਮਹੱਲਾ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਦਸਤਖ਼ਤੀ ਮੁਹਿੰਮ ਨੂੰ ਹੋਰ ਪ੍ਰਚੰਡ ਕਰਦਿਆਂ 9 ਬੰਦੀ ਸਿੰਘਾਂ ਦੇ ਨਾਵਾਂ ਵਾਲੇ 9 ਵੱਖ-ਵੱਖ ਦਸਤਖ਼ਤੀ ਸਟਾਲ ਲਾਏ ਜਾਣਗੇ। ਇਹ ਪ੍ਰਗਟਾਵਾ ਅੱਜ ਇੱਥੇ ਜਥੇਦਾਰ ਬਲਦੇਵ ਸਿੰਘ ਮਾਹਿਲਪੁਰੀ ਯਾਦਗਾਰੀ ਹਾਲ ਵਿਖੇ ਹੋਲਾ-ਮਹੱਲਾ ਸਬੰਧੀ ਸ਼ੋ੍ਮਣੀ ਕਮੇਟੀ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਤਿਆਰੀਆਂ ਸਬੰਧੀ ਬੈਠਕ ਤੋਂ ਬਾਅਦ ਸ਼ੋ੍ਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪ੍ਰਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਸਰਕਾਰੀ ਜਬਰ ਕਾਰਨ ਹਥਿਆਰਬੰਦ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਏ ਬਹੁਤ ਸਾਰੇ ਬੰਦੀ ਸਿੰਘ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ‘ਚ ਨਜ਼ਰਬੰਦ ਹਨ, ਜਦੋਂਕਿ ਕਾਨੂੰਨ ਅਨੁਸਾਰ ਉਮਰ ਕੈਦੀ ਨੂੰ 10-15 ਸਾਲਾਂ ਦੀ ਕੈਦ ਤੋਂ ਬਾਅਦ ਰਿਹਾਅ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਥਕ ਭਾਵਨਾਵਾਂ ਦੀ ਨੁਮਾਇੰਦਗੀ ਕਰਦਿਆਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1 ਦਸੰਬਰ 2022 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਦਸਤਖ਼ਤੀ ਮੁਹਿੰਮ ਆਰੰਭ ਕੀਤੀ ਸੀ, ਜਿਸ ਦਾ ਟੀਚਾ ਘੱਟੋਂ-ਘੱਟ 30 ਲੱਖ ਦਸਤਖ਼ਤ ਕਰਵਾ ਕੇ ਭਾਰਤ ਦੇ ਰਾਸ਼ਟਰਪਤੀ ਤੇ ਸੰਯੁਕਤ ਰਾਸ਼ਟਰ ਤੱਕ ਸਿੱਖ ਭਾਵਨਾਵਾਂ ਨੂੰ ਪਹੁੰਚਾਉਣਾ ਹੈ। ਭਾਈ ਗਰੇਵਾਲ ਨੇ ਕਿਹਾ ਕਿ ਇਸੇ ਦੇ ਮੱਦੇਨਜ਼ਰ ਹੋਲਾ-ਮਹੱਲਾ ਦੇ ਜੋੜ-ਮੇਲੇ ਮੌਕੇ 9 ਬੰਦੀ ਸਿੰਘਾਂ ਦੇ ਨਾਵਾਂ ‘ਤੇ 9 ਵੱਖ-ਵੱਖ ਦਸਤਖਤੀ ਸਟਾਲ ਲਾਏ ਜਾਣਗੇ, ਜਿਨ੍ਹਾਂ ‘ਚ ਇਕ ਸਟਾਲ ‘ਤੇ ਇਕ ਬੰਦੀ ਸਿੰਘ ਦੇ ਨਾਂਅ ਵਾਲਾ ਇਕ ਸਟਾਲ ਹੋਵੇਗਾ, ਜਿੱਥੇ ਉਨ੍ਹਾਂ ਦੀ ਰਿਹਾਈ ਲਈ ਸੰਗਤਾਂ ਕੋਲੋਂ ਦਸਤਖ਼ਤ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸ਼ੋ੍ਮਣੀ ਕਮੇਟੀ ਵਲੋਂ 9 ਬੰਦੀ ਸਿੰਘਾਂ ਦੇ ਸਿੱਖ ਸੰਘਰਸ਼ ਵਿਚ ਯੋਗਦਾਨ, ਸੰਘਰਸ਼ਮਈ ਜੀਵਨ, ਕੁਰਬਾਨੀ ਤੇ ਉਨ੍ਹਾਂ ਦੀ ਜੇਲ੍ਹ ਯਾਤਰਾ ਬਾਰੇ ਜਾਣਕਾਰੀ ਸਬੰਧੀ ਕਿਤਾਬਚੇ ਛਪਵਾ ਕੇ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਾਹਿਬ ਦੇ ਨੇੜੇ ਇਕ ਵੱਡ-ਅਕਾਰੀ ਐੱਲਸੀਡੀ ਸਕਰੀਨ ਲਗਾ ਕੇ ਵੀ ਬੰਦੀ ਸਿੰਘਾਂ ਦੇ ਜੀਵਨ ਤੇ ਸੰਘਰਸ਼ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਭਾਈ ਗਰੇਵਾਲ ਨੇ ਕਿਹਾ ਕਿ ਇਨ੍ਹਾਂ ਸਿੱਖਾਂ ਦੀ ਰਿਹਾਈ ਲਈ ਕਮੇਟੀ ਵੱਲੋਂ ਸ਼ੁਰੂ ਕੀਤੀ ਦਸਤਖ਼ਤੀ ਮੁਹਿੰਮ ਦਾ ਦੂਜਾ ਪੜਾਅ ਵੀ ਇਥੋਂ ਹੀ ਸ਼ੁਰੂ ਕੀਤਾ ਜਾਵੇਗਾ। ਜਿਸ ਦੌਰਾਨ ਪਿੰਡ ਪਿੰਡ ‘ਤੇ ਪਹੁੰਚ ਕੀਤੀ ਜਾਵੇਗੀ ਜੋ ਵਿਸਾਖੀ ਤੱਕ ਚੱਲੇਗਾ । ਉਨ੍ਹਾਂ ਪੱਤਰਕਾਰਾਂ ਦਾ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸ਼ੋ੍ਮਣੀ ਕਮੇਟੀ ਵੱਲੋਂ ਆਪਣੇ ਗੁਰਬਾਣੀ ਪ੍ਰਸ਼ਾਰਣ ਟੀਵੀ ਚੈਨਲ ਸ਼ੁਰੂ ਕਰਨ ਦੀ ਕਾਰਵਾਈ ਚੱਲ ਰਹੀ ਹੈ ਅਤੇ ਬਹੁਤ ਜਲਦ ਯੂ ਟਿਊੁਬ ਚੈਨਲ ਸ਼ੁਰੂ ਕੀਤਾ ਜਾ ਰਿਹਾ ਹੈ । ਸ਼ੋ੍ਮਣੀ ਕਮੇਟੀ ਦੇ ਸਲਾਨਾ ਬਜਟ ਸਬੰਧੀ ਸਵਾਲਾਂ ਦੇ ਜਵਾਬ ਦਿੰਦਿਆਂ ਗਰੇਵਾਲ ਨੇ ਕਿਹਾ ਕਿ ਇਸ ਵਾਰ ਦਾ ਬਜਟ ਸੰਗਤਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਸ਼ੋ੍ਮਣੀ ਕਮੇਟੀ ਦੇ ਆਦੇਸ਼ਾਂ ‘ਤੇ ਬਜਟ ਸਬੰਧੀ ਸੰਗਤਾਂ ਤੋਂ ਸੁਝਾਅ ਲਏ ਜਾ ਰਹੇ ਹਨ ਤੇ ਵੱਡੀ ਗਿਣਤੀ ‘ਚ ਸੰਗਤਾਂ ਆਪਣੇ ਵੱਡਮੁੱਲੇ ਸੁਝਾਅ ਭੇਜ ਰਹੀਆਂ ਹਨ । ਉਨ੍ਹਾਂ ਸਪਸ਼ਟ ਕੀਤਾ ਕਿ ਇਨ੍ਹਾਂ ਕੀਮਤੀ ਸੁਝਾਆਵਾਂ ‘ਤੇ ਪੂਰਾ ਅਮਲ ਵੀ ਕੀਤਾ ਜਾਵੇਗਾ । ਇਸ ਮੌਕੇ ਉਨ੍ਹਾਂ ਦੇ ਨਾਲ ਸ਼ੋ੍ਮਣੀ ਕਮੇਟੀ ਮੈਂਬਰ ਤੇ ਦੁਆਬਾ ਜ਼ੋਨ ਦੇ ਧਰਮ ਪ੍ਰਚਾਰ ਇੰਚਾਰਜ ਭਾਈ ਗੁਰਬਖਸ਼ ਸਿੰਘ ਖਾਲਸਾ, ਵਧੀਕ ਸਕੱਤਰ ਸਿਮਰਜੀਤ ਸਿੰਘ ਕੰਗ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗੰ੍ਥੀ ਗਿਆਨੀ ਜੋਗਿੰਦਰ ਸਿੰਘ, ਮੈਨੇਜਰ ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘਗ ਅਤੇ ਸੰਦੀਪ ਸਿੰਘ ਕਲੋਤਾ ਤੋਂ ਇਲਾਵਾ ਵੱਡੀ ਗਿਣਤੀ ‘ਚ ਮੁਲਾਜ਼ਮ ਵੀ ਹਾਜ਼ਰ ਸਨ।






