ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਰਾਖਵੇਂ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਫ਼ਤਹਿਗੜ੍ਹ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ (ਏਡੀਸੀ) (ਵਿਕਾਸ) ਦਿਨੇਸ਼ ਵਸ਼ਿਸ਼ਟ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਬੁੱਧਵਾਰ ਸ਼ਾਮ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕ ਰੁਪਿੰਦਰ ਹੈਪੀ ਨੇ ਕਿਹਾ ਕਿ ਦੋਸ਼ ਲਗਾਏ ਕਿ ਏਡੀਸੀ (ਵਿਕਾਸ) ਫ਼ਤਹਿਗੜ੍ਹ ਸਾਹਿਬ ਤੇ ਵਿਭਾਗ ਦੇ ਸਬੰਧਤ ਅਧਿਕਾਰੀਆਂ ’ਤੇ ਮਨਰੇਗਾ ਤਹਿਤ ਲੱਖਾਂ ਰੁਪਏ ਮੁੱਲ ਦੇ ਟ੍ਰੀ ਗਾਰਡ ਬਿਨਾਂ ਮੰਗ ਤੋਂ ਵੱਖ-ਵੱਖ ਪਿੰਡਾਂ ਵਿਚ ਧੱਕੇ ਨਾਲ ਸੁਟਵਾਏ ਗਏ ਹਨ। ਦੂਜੇ ਪਾਸੇ ਏਡੀਸੀ ਨੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਤੇ ਕਿਹਾ ਕਿ ਉਹ ਨਿਰਦੋਸ਼ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਹੈਪੀ ਨੇ ਕਿਹਾ ਕਿ ਹਾਲ ਹੀ ਵਿਚ ਬਸੀ ਪਠਾਣਾਂ ਬਲਾਕ ਵਿਚ ਪੈਂਦੇ ਕੁਝ ਪਿੰਡਾਂ ਦੇ ਸਰਪੰਚਾਂ ਨੇ ਧਿਆਨ ਵਿਚ ਲਿਆਂਦਾ ਕਿ ਉਨ੍ਹਾਂ ਦੇ ਪਿੰਡਾਂ ’ਚ ਬਾਂਸ ਦੀ ਲੱਕੜ ਦੇ ਬਣੇ ਟ੍ਰੀ ਗਾਰਡ (ਜਿਸ ਦੀ ਕੀਮਤ ਪ੍ਰਤੀ ਪੀਸ 530 ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ), ਜਬਰਦਸਤੀ ਉਨ੍ਹਾਂ ਦੇ ਪਿੰਡਾਂ ’ਚ ਸੁੱਟੇ ਜਾ ਰਹੇ ਹਨ ਜਦਕਿ ਉਨ੍ਹਾਂ ਨੇ ਸਬੰਧਤ ਵਿਭਾਗ ਕੋਲ ਟ੍ਰੀ ਗਾਰਡਾਂ ਸਬੰਧੀ ਮੰਗ ਨਹੀਂ ਕੀਤੀ ਸੀ। ਬਾਜ਼ਾਰ ਵਿਚ ਟ੍ਰੀ ਗਾਰਡਾਂ ਦੀ ਕੀਮਤ ਕਾਫੀ ਘੱਟ ਦੱਸੀ ਜਾ ਰਹੀ ਹੈ।
ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਏਡੀਸੀ (ਡੀ) ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਾਰੀ ਗੱਲ ਵਿਭਾਗ ਵਿਭਾਗ ਦੇ ਸਬੰਧਤ ਬੀਡੀਪੀਓ ਤੇ ਹੋਰ ਹੇਠਲੇ ਅਧਿਕਾਰੀਆਂ ’ਤੇ ਸੁੱਟ ਦਿੱਤੀ। ਫਿਰ ਹੇਠਲੇ ਅਧਿਕਾਰੀਆਂ ਨੇ ਪੁੱਛਣ ’ਤੇ ਦੱਸਿਆ ਕਿ ਉਨ੍ਹਾਂ ਨੂੰ ਤਾਂ ਏਡੀਸੀ (ਵਿਕਾਸ) ਨੇ ਹੁਕਮ ਦਿੱਤੇ ਸਨ ਕਿ ਇਕ ਦੋ ਦਿਨਾਂ ਵਿਚ ਵਿਚ ਬਲਾਕ ਦੇ ਸਾਰੇ ਪਿੰਡਾਂ ਵਿਚ ਬਾਂਸ ਦੇ ਬਣੇ ਟ੍ਰੀ ਗਾਰਡ ਭੇਜਣੇ ਯਕੀਨੀ ਬਣਾਏ ਜਾਣ।
ਵਿਧਾਇਕ ਨੇ ਦੱਸਿਆ ਕਿ ਬਲਾਕ ਵਿਚ ਪੈਂਦੇ ਪਿੰਡ ਖੇੜੀ ਬੀਰ ਸਿੰਘ ਵਿਖੇ ਬਿਨਾਂ ਮੰਗਿਆਂ ਕਰੀਬ 3 ਲੱਖ ਰੁਪਏ ਕੀਮਤ ਦੇ 600 ਦੇ ਕਰੀਬ ਟ੍ਰੀ ਗਾਰਡ ਭੇਜੇ ਹਨ। ਆਪਣੇ ਫੋਨ ’ਚ ਪੱਤਰਕਾਰਾਂ ਨੂੰ ਟ੍ਰੀ ਗਾਰਡਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਦਿਖਾਉਂਦਿਆਂ ਵਿਧਾਇਕ ਨੇ ਕਿਹਾ ਕਿ ਇਸ ਪਿੱਛੇ ਕੀ ਮਨਸ਼ਾ ਹੋ ਸਕਦੀ ਹੈ ਕਿ ਕਈ ਪਿੰਡਾਂ ਦੇ ਸਰਪੰਚਾਂ ਨੇ ਨਾਂਹ ਕੀਤੀ ਸੀ। ਇਸ ਦੇ ਬਾਵਜੂਦ ਬਹੁਤ ਕਮਜ਼ੋਰ ਨਜ਼ਰ ਆਉਂਦੇ ਪਰ ਮਹਿੰਗੇ ਮੁੱਲ ਦੇ ਟ੍ਰੀ ਗਾਰਡ ਪਿੰਡਾਂ ’ਚ ਧੱਕੇ ਨਾਲ ਸੁੱਟੇ ਗਏ। ਕਰੀਬ 80 ਪਿੰਡਾਂ ਵਿਚ ਅਜਿਹੇ ਟ੍ਰੀ ਗਾਰਡ ਸੁੱਟੇ ਜਾਣ ਦੀ ਸੂਚਨਾ ਉਨ੍ਹਾਂ ਨੂੰ ਮਿਲ ਚੁੱਕੀ ਹੈ ਇਸ ਲਈ ਉਨ੍ਹਾਂ ਨੇ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆ ਦਿੱਤਾ ਹੈ ਜਿਨ੍ਹਾਂ ਨੇ ਜਾਂਚ ਕਰ ਕੇ ਤੱਥ ਸਾਹਮਣੇ ਲਿਆਉਣ ਦਾ ਭਰੋਸਾ ਦਿੱਤਾ ਹੈ।
ਵਸ਼ਿਸ਼ਟ ਦਾ ਪ੍ਰਗਟਾਵਾ
ਏਡੀਸੀ (ਡੀ) ਦਿਨੇਸ਼ ਵਸ਼ਿਸ਼ਟ ਨੇ ਫੋਨ ’ਤੇ ਦੱਸਿਆ ਕਿ ਟ੍ਰੀ ਗਾਰਡਾਂ ਦੀ ਖਰੀਦ ਵਿਭਾਗ ਦੇ ਮੁਹਾਲੀ ਸਥਿਤ ਹੈੱਡਕੁਆਰਟਰ ਵੱਲੋਂ ਪੌਦਿਆਂ ਦੀ ਸੁਰੱਖਿਆ ਲਈ ਕੀਤੀ ਜਾਂਦੀ ਹੈ ਜਿਸ ਦੀ ਕੀਮਤ ਵੀ ਮੁੱਖ ਦਫਤਰ ਵੱਲੋਂ ਤੈਅ ਕੀਤੀ ਜਾਂਦੀ ਹੈ। ਟ੍ਰੀ ਗਾਰਡ ਪਿੰਡਾਂ ਵਿਚ ਭੇਜਣ ਸਬੰਧੀ ਉਨ੍ਹਾਂ ਨੇ ਕੋਈ ਹੁਕਮ ਨਹੀਂ ਕੀਤੇ। 31 ਮਾਰਚ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਹੈ ਤੇ ਉਹ ਨਿਰਦੋਸ਼ ਹਨ। ਬੱਸੀ ਪਠਾਣਾਂ ਦੀ ਬੀਡੀਪੀਓ ਨੂੰ ਇਸ ਕੰਮ ਨੂੰ ਰੋਕਣ ਦੀ ਹਦਾਇਤ ਕਰ ਦਿੱਤੀ ਹੈ ਤੇ ਹਾਲ ਹੀ ਵਿਚ ਖ਼ਰੀਦੇ ਗਏ ਟ੍ਰੀ ਗਾਰਡ ਦੀ ਅਦਾਇਗੀ ਨਹੀਂ ਕੀਤੀ ਗਈ ਹੈ। ਹੋ ਸਕਦਾ ਹੈ ਕਿ ਇਸ ਮਾਮਲੇ ਵਿਚ ਵਿਧਾਇਕ ਹੈਪੀ ਨੂੰ ਗੁਮਰਾਹ ਕੀਤਾ ਗਿਆ ਹੋਵੇ।
ਡੀਸੀ ਸ਼ੇਰਗਿੱਲ ਦਾ ਪੱਖ
ਇਸ ਬਾਰੇ ਫ਼ਤਹਿਗੜ੍ਹ ਸਾਹਿਬ ਦੀ ਡੀਸੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਹੈ ਕਿ ਬੱਸੀ ਪਠਾਣਾਂ ਬਲਾਕ ਦੇ ਕਈ ਪਿੰਡਾਂ ਵਿਚ ਬਿਨਾਂ ਮੰਗ ਤੋਂ ਮਹਿੰਗੇ ਮੁੱਲ ਦੇ ਬਾਂਸ ਦੇ ਬਣੇ ਟ੍ਰੀ ਗਾਰਡ ਭੇਜੇ ਗਏ ਹਨ ਤੇ ਮਾਮਲਾ ਸ਼ੱਕੀ ਜਾਪਦਾ ਹੈ। ਏਡੀਸੀ ਤੋਂ 2 ਮਾਰਚ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਹੈ।






