ਸ਼ੁੱਕਰਵਾਰ ਦੇਰ ਸ਼ਾਮ ਟਾਂਡਾ ਬਲਾਕ ਦੇ ਟਾਂਡਾ-ਸ਼੍ਰੀ ਹਰਗੋਂਸ਼ਾਬਾਦਪੁਰ ਸਾਹਿਬ ਮੁੱਖ ਮਾਰਗ ‘ਤੇ ਟਾਂਡਾ ਪੁਲ ਦੇ ਹੇਠਾਂ ਪਰਸ ਖੋਹਣ ਦੀ ਘਟਨਾ ਦੌਰਾਨ ਵਾਪਰੇ ਸੜਕ ਹਾਦਸੇ ‘ਚ ਇੱਕ ਬੱਚੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 7 ਸਾਲਾ ਗੁਰਭੇਜ ਸਿੰਘ ਪੁੱਤਰ ਚਰਨਜੀਤ ਸਿੰਘ ਅਤੇ 21 ਸਾਲਾ ਗਗਨਦੀਪ ਕੌਰ ਪੁੱਤਰੀ ਦਾਨਸ਼ਵਿੰਦਰ ਸਿੰਘ ਵਾਸੀ ਪਿੰਡ ਪੁਲ ਪੁਖਤਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਭਜੀਤ ਕੌਰ ਆਪਣੇ ਲੜਕੇ ਗੁਰਭੇਜ ਸਿੰਘ ਤੇ ਭਤੀਜੀ ਗਗਨਦੀਪ ਕੌਰ ਨਾਲ ਆਪਣੇ ਨਾਨਕੇ ਘਰ ਚਾਂਗਲਾ ਦਸੂਹਾ ਤੋਂ ਸਕੂਟੀ ’ਤੇ ਵਾਪਸ ਆਪਣੇ ਪਿੰਡ ਜਾ ਰਹੀ ਸੀ। ਜਦੋਂ ਪ੍ਰਭਜੀਤ ਕੌਰ ਟਾਂਡਾ ਪੁਲ ਨੇੜੇ ਪੁੱਜੀ ਤਾਂ ਪਿੱਛੇ ਤੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਝਪਟਮਾਰਾਂ ‘ਚੋਂ ਇੱਕ ਨੇ ਪਿੱਛੇ ਬੈਠੀ ਲੜਕੀ ਗਗਨਦੀਪ ਕੌਰ ਦਾ ਪਰਸ ਖੋਹ ਲਿਆ। ਇਸ ਦੌਰਾਨ ਸਕੂਟੀ ਬੇਕਾਬੂ ਹੋ ਕੇ ਉਥੋਂ ਜਾ ਰਹੀ ਟਰਾਲੀ ਨਾਲ ਟਕਰਾ ਗਈ। ਇਸ ਕਾਰਨ ਪ੍ਰਭਜੀਤ ਕੌਰ, ਗੁਰਭੇਜ ਸਿੰਘ ਅਤੇ ਗਗਨਦੀਪ ਕੌਰ ਤਿੰਨੋਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਟਾਂਡਾ ਦੇ ਇੱਕ ਨਿੱਜੀ ਹਸਪਤਾਲ ‘ਚ ਲਿਆਂਦਾ ਗਿਆ, ਜਿੱਥੇ ਡਾਕਟਰ ਲਵਪ੍ਰੀਤ ਪਾਬਲਾ ਨੇ ਗੁਰਭੇਜ ਸਿੰਘ ਅਤੇ ਗਗਨਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਟਾਂਡਾ ਕੁਲਵੰਤ ਸਿੰਘ ਤੇ ਐੱਸਐੱਚਓ ਟਾਂਡਾ ਮਲਕੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਸੜਕ ਕਿਨਾਰੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖ ਕੇ ਲੁਟੇਰਿਆਂ ਦੀ ਭਾਲ ਕਰ ਰਹੀ ਹੈ।
ਵਰਨਣਯੋਗ ਹੈ ਕਿ ਗੁਰਭੇਜ ਸਿੰਘ ਦਾ ਜਨਮ ਪ੍ਰਭਜੀਤ ਕੌਰ ਤੇ ਚਰਨਜੀਤ ਸਿੰਘ ਦੇ ਵਿਆਹ ਤੋਂ ਕਰੀਬ 20 ਸਾਲ ਬਾਅਦ ਹੋਇਆ ਸੀ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਗੁਰਭੇਜ ਦੇ ਪਿਤਾ ਦੁਬਈ ‘ਚ ਰਹਿੰਦੇ ਹਨ। ਗਗਨਦੀਪ ਕੌਰ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ। ਉਹ ਪਿੰਡ ਪੁਲ ਪੁਖਤਾ ਵਿਖੇ ਆਪਣੀ ਮਾਸੀ ਪ੍ਰਭਜੀਤ ਕੌਰ ਕੋਲ ਰਹਿ ਰਹੀ ਸੀ ਅਤੇ ਸਿਲਾਈ ਅਤੇ ਕਢਾਈ ਸਿੱਖ ਰਹੀ ਸੀ।






