ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਇੱਕ ਈਮੇਲ ਰਾਹੀਂ ਇਕ ਵਾਰ ਫ਼ਿਰ ਧਮਕੀ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਵਾਰ ਵਾਰ ਪਰਿਵਾਰ ਵੱਲੋਂ ਲਾਰੈਂਸ ਬਿਸ਼ਨੋਈ ਦਾ ਨਾਮ ਨਾ ਲਿਆ ਜਾਵੇ , ਨਹੀਂ ਨੁਕਸਾਨ ਝੱਲਣਾ ਪਵੇਗਾ।
ਸੂਤਰਾਂ ਅਨੁਸਾਰ ਪੁਲਿਸ ਨੇ ਈਮੇਲ ਦੀ ਪਛਾਣ ਰਾਜਸਥਾਨ ਵਿੱਚੋਂ ਕੀਤੇ ਜਾਣ ਵੱਜੋਂ ਕੀਤੀ ਹੈ, ਹਾਲਾਂਕਿ ਪੁਲਿਸ ਇਸ ਬਾਰੇ ਕੁੱਝ ਵੀ ਦੱਸਣ ਤੋਂ ਇਨਕਾਰੀ ਹੈ। ਇਸ ਤੋਂ ਪਹਿਲਾਂ ਜੁਲਾਈ 2022 ਵਿੱਚ ਵੀ ਬਲਕੌਰ ਸਿੰਘ ਨੂੰ ਵਿਦੇਸ਼ੀ ਨੰਬਰਾਂ ਤੋਂ ਇੰਸਟਾਗ੍ਰਾਮ ਅਤੇ ਵਟਸਐਪ ’ਤੇ ਸੰਦੇਸ਼ਾਂ ਰਾਹੀਂ ਧਮਕੀਆਂ ਮਿਲੀਆਂ ਸਨ। ਬਲਕੌਰ ਸਿੰਘ ਨੇ ਉਦੋਂ ਇਹ ਵੀ ਕਿਹਾ ਸੀ ਕਿ ਉਹ ਅਜਿਹੀਆਂ ਧਮਕੀਆਂ ਤੋਂ ਨਹੀਂ ਡਰਨਗੇ ਅਤੇ ਉਨ੍ਹਾਂ ਦਾ ਉਦੇਸ਼ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣਾ ਹੈ।
ਮੂਸੇਵਾਲਾ ਦੀ ਬਰਸੀ 19 ਮਾਰਚ ਨੂੰ ਮਨਾਉਣ ਦਾ ਫੈਸਲਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ 19 ਮਾਰਚ ਨੂੰ ਆਪਣੇ ਬੇਟੇ ਦੀ ਬਰਸੀ ਮਨਾਉਣ ਦਾ ਐਲਾਨ ਕੀਤਾ ਹੈ। ਬਰਸੀ ਮਾਨਸਾ ’ਚ ਮਨਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭੀੜ ਦੇ ਇਕੱਠ ਅਤੇ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਸਿੱਧੂ ਮੂਸੇਵਾਲਾ ਦੀ ਬਰਸੀ ਨੂੰ ਮਾਰਚ ਵਿੱਚ ਹੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਸਾਲ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ’ਚ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਦੇ ਬਾਅਦ ਅਜੇ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ ਜਿਸ ਦੀ ਕਿ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ।






