ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਰਜੀਹ ਰਹੀ ਹੈ ਅਤੇ ਇਸੇ ਵਚਨਬੱਧਤਾ ਨੂੰ ਦੁਹਰਾਉਂਦਿਆਂ ਅੱਜ ਹੁਸ਼ਿਆਰਪੁਰ ਵਿਚ ਪੰਜਾਬ ਦੀ ਪਹਿਲੀ ਡਿਜੀਟਲ ਲਾਇਬੇ੍ਰੀ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤੀ ਗਈ ਹੈ। ਉਹ ਸਿਵਲ ਲਾਈਨਜ਼ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੀ ਗਈ ਡਿਜੀਟਲ ਲਾਇਬੇ੍ਰੀ ਦੇ ਲੋਕ ਅਰਪਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਮੇਅਰ ਸੁਰਿੰਦਰ ਕੁਮਾਰ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿਚ ਚੱਲ ਰਹੀ ਹਰੇਕ ਯੋਜਨਾ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਹੈ, ਜਿਸ ਕਾਰਨ ਅੱਜ ਪੰਜਾਬ ਤਰੱਕੀ ਦੀ ਰਾਹ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ 3 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਅਤਿ-ਆਧੁਨਿਕ ਲਾਇਬੇ੍ਰੀ ਦਾ ਹਰੇਕ ਵਰਗ ਨੂੰ ਭਰਪੂਰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਵਿਚ ਇਸ ਡਿਜੀਟਲ ਲਾਇਬੇ੍ਰੀ ਨੂੰ ਲੈ ਕੇ ਕਾਫੀ ਉਤਸ਼ਾਹ ਹੈ, ਜਿਸ ਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ ਪਹਿਲੇ ਦਿਨ ਹੀ ਵੱਡੀ ਗਿਣਤੀ ਵਿਚ ਲੋਕ ਇਥੇ ਪਹੁੰਚੇ ਹਨ।
ਇਸ ਦੌਰਾਨ ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਖੋਜ ਅਫ਼ਸਰ ਡਾ. ਜਸਵੰਤ ਰਾਏ ਦੀ ਅਗਵਾਈ ਵਿਚ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦਾ ਲੋਕਾਂ ਨੇ ਭਰਪੂਰ ਲਾਭ ਲਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦਰਬਾਰਾ ਸਿੰਘ, ਐੱਸਡੀਐੱਮ ਦਸੂਹਾ ਓਜਸਵੀ ਅਲੰਕਾਰ, ਐਕਸੀਅਨ ਪੰਚਾਇਤੀ ਰਾਜ ਰਾਜਕੁਮਾਰ, ਸੰਦੀਪ ਸੈਣੀ, ਆਗਿਆਪਾਲ ਸਿੰਘ ਸਾਹਨੀ, ਵਰਿੰਦਰ ਸ਼ਰਮਾ ਬਿੰਦੂ ਤੋਂ ਇਲਾਵਾ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਜਿੰਪਾ ਨੇ ਦੱਸਿਆ ਕਿ ਇਸ ਲਾਇਬੇ੍ਰੀ ਦੇ ਰੱਖ-ਰਖਾਅ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਅਤੇ ਇਸ ਦੀ ਦੇਖ-ਰੇਖ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਥੇ ਪੜ੍ਹਨ ਲਈ ਆਉਣ ਵਾਲਿਆਂ ਦੀ ਸੁਵਿਧਾ ਲਈ ਆਉਣ ਵਾਲੇ ਸਮੇਂ ਵਿਚ ਇਥੇ ਕੈਫੇਟੇਰੀਆ ਵੀ ਬਣਾਇਆ ਜਾਵੇਗਾ।
ਡਿਜੀਟਲ ਰੀਡਿੰਗ ਰੂਮ ਤੇ ਹੋਰ ਸੁਵਿਧਾਵਾਂ ਮਿਲਣਗੀਆਂ
ਡਿਜੀਟਲ ਲਾਇਬੇ੍ਰੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਇਥੇ ਡਿਜੀਟਲ ਮਾਧਿਅਮ ਰਾਹੀਂ ਸਾਰਾ ਕੰਟੈਂਟ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰੇਕ ਵਰਗ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਲਾਇਬੇ੍ਰੀ ਵਿਚ ਵੱਖ-ਵੱਖ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਜਿਥੇ ਕਿਡਜ਼ ਜ਼ੋਨ ਉਪਲਬੱਧ ਹੈ, ਉਥੇ ਸੀਨੀਅਰ ਸਿਟੀਜ਼ਨਸ ਲਈ ਵੱਖਰੇ ਕਮਰੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਡਿਜੀਟਲ ਰੀਡਿੰਗ ਰੂਮ ਬਣਾਇਆ ਗਿਆ ਹੈ, ਜਿਥੇ ਅਤਿ-ਆਧੁਨਿਕ ਕੰਪਿਊਟਰ, ਟੈਬਸ ਤੋਂ ਇਲਾਵਾ ਵਾਈ ਫਾਈ ਦੀ ਵਿਸ਼ੇਸ਼ ਸੁਵਿਧਾ ਉਪਲਬੱਧ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਸ਼ੇਸ਼ ਇੰਤਜ਼ਾਮ ਕਰਦਿਆਂ ਸਬੰਧਤ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਅਖ਼ਬਾਰਾਂ, ਮੈਗਜ਼ੀਨ ਤੇ ਹੋਰ ਪੁਸਤਕਾਂ ਵੀ ਇਥੇ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਲਾਇਬੇ੍ਰਰੀ ਵਿਚ ਕਾਨਫਰੰਸ ਰੂਮ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਪੂਰਾ ਹਫਤਾ ਖੁੱਲ੍ਹੇਗੀ ਲਾਇਬ੍ਰੇਰੀ
ਇਸ ਡਿਜੀਟਲ ਲਾਇਬੇ੍ਰੀ ਦੀ ਮੈਂਬਰਸ਼ਿਪ 300 ਰੁਪਏ ਮਹੀਨਾ ਰੱਖੀ ਗਈ ਹੈ, ਜਿਸ ਵਿਚ ਵਿਦਿਆਰਥੀਆਂ ਨੂੰ 25 ਫੀਸਦੀ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਕਰ ਕੋਈ ਲੋੜਵੰਦ ਵਿਦਿਆਰਥੀ ਜਾਂ ਵਿਅਕਤੀ ਫੀਸ ਦੇਣ ਤੋਂ ਅਸਮਰੱਥ ਹੈ, ਤਾਂ ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ ਵੱਲੋਂ ਉਸ ਦੀ ਲਾਇਬੇ੍ਰੀ ਫੀਸ ਸਪਾਂਸਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਲਾਇਬੇ੍ਰੀ ਪੂਰਾ ਹਫ਼ਤਾ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੇਗੀ।






