ਨਗਰ ਕੌਂਸਲ ਬਨੂੜ ਦੇ ਪ੍ਰਧਾਨ ਅਤੇ ਅੱਠ ਕਾਂਗਰਸੀ ਕੌਂਸਲਰਾਂ ਨੇ ਰਾਜਪੁਰਾ ਹਲਕੇ ਦੀ ਆਪ ਵਿਧਾਇਕਾ ਨੀਨਾ ਮਿੱਤਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਇਕਾ ਖ਼ਿਲਾਫ਼ ਲਿਖਤੀ ਸ਼ਿਕਾਇਤ ਭੇਜੀ ਹੈ। ਉਨ੍ਹਾਂ ਵਿਧਾਇਕਾ ‘ਤੇ ਨਗਰ ਕੌਂਸਲ ਦੀ ਹਾਊਸ ਮੀਟਿੰਗ ਦੌਰਾਨ ਕੌਂਸਲਰਾਂ ਨੂੰ ਧਮਕੀਆਂ ਦੇਣ ਅਤੇ ਅਪਸ਼ਬਦ ਬੋਲਣ ਦਾ ਦੋਸ਼ ਲਗਾਇਆ ਹੈ।
ਕੌਂਸਲ ਪ੍ਰਧਾਨ ਜਗਤਾਰ ਸਿੰਘ, ਜਗਦੀਸ਼ ਚੰਦ ਕਾਲਾ, ਬਲਵਿੰਦਰ ਕੌਰ, ਆਸ਼ਾ ਰਾਣੀ, ਅਵਤਾਰ ਸਿੰਘ, ਸੱਤਪਾਲ ਕੌਰ, ਪਰਮਜੀਤ ਕੌਰ, ਪ੍ਰੀਤੀ ਵਾਲੀਆ ਨੇ ਲਿਖਿਆ ਕਿ 28 ਫਰਵਰੀ ਨੂੰ ਬਨੂੜ ਕੌਂਸਲ ਦੀ ਮੀਟਿੰਗ ਸੀ। ਇਸ ਵਿੱਚ ਵਿਧਾਇਕਾ ਵੀ ਸ਼ਾਮਿਲ ਸੀ। ਵਿਧਾਇਕਾ ਨੀਨਾ ਮਿੱਤਲ ਨਗਰ ਕੌਂਸਲ ਦੀ ਮਲਕੀਅਤ ਵਾਲੀ 26 ਵਿੱਘੇ ਤਿੰਨ ਬਿਸਵੇ ਥਾਂ ਕਿਸੇ ਨਿੱਜੀ ਵਿੱਦਿਅਕ ਸੰਸਥਾ ਨੂੰ ਲੀਜ਼ ਉੱਤੇ ਦਿਵਾਉਣਾ ਚਾਹੁੰਦੀ ਸੀ, ਜਿਸ ਦਾ ਉਹ ਵਿਰੋਧ ਕਰ ਰਹੇ ਸਨ।
ਕੌਂਸਲਰਾਂ ਨੇ ਲਿਖਿਆ ਕਿ ਉਕਤ ਮਤਾ ਵਿਧਾਇਕਾ ਧੱਕੇ ਨਾਲ ਪਾਸ ਕਰਾਉਣੀ ਚਾਹੁੰਦੀ ਸੀ ਤੇ ਬਹੁਗਿਣਤੀ ਕੌਂਸਲਰ ਪ੍ਰਾਈਵੇਟ ਸੰਸਥਾ ਨੂੰ ਲੀਜ਼ ਉੱਤੇ ਜ਼ਮੀਨ ਦੇਣ ਦੇ ਵਿਰੋਧ ਵਿੱਚ ਸਨ ਤੇ ਇੱਥੇ ਸਰਕਾਰੀ ਕਾਲਜ ਲਈ ਜ਼ਮੀਨ ਦੇਣ ਦੇ ਹੱਕ ਵਿੱਚ ਸਨ। ਕੌਂਸਲਰਾਂ ਨੇ ਲਿਖਿਆ ਕਿ ਜਦੋਂ ਉਨ੍ਹਾਂ ਪ੍ਰਾਈਵੇਟ ਸੰਸਥਾ ਨੂੰ ਲੀਜ਼ ਉੱਤੇ ਜ਼ਮੀਨ ਦੇਣ ਦੇ ਮਤੇ ਦਾ ਵਿਰੋਧ ਕੀਤਾ ਤਾਂ ਵਿਧਾਇਕਾ ਭੜਕ ਗਏ। ਕੌਂਸਲਰਾਂ ਨੇ ਕਿਹਾ ਕਿ ਵਿਧਾਇਕਾ ਨੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ, ਧਮਕੀਆਂ ਦਿੱਤੀਆਂ ਤੇ ਮਤਾ ਪਾਸ ਨਾ ਹੋਣ ਦੀ ਸੂਰਤ ਵਿੱਚ ਕੌਂਲਸਰਾਂ ਦੀ ਵਿਜੀਲੈਂਸ ਇਨਕੁਆਰੀਆਂ ਦੀ ਚਿਤਾਵਨੀ ਦਿੱਤੀ।
ਉਨ੍ਹਾਂ ਵਿਧਾਇਕਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਉੱਤੇ ਖੱਦਰ ਭੰਡਾਰ ਦੀ ਥਾਂ ਅਤੇ ਹੋਰ ਸਰਕਾਰੀ ਥਾਂਵਾਂ ਆਪਣੇ ਚਹੇਤਿਆਂ ਨੂੰ ਜਬਰੀ ਲੀਜ਼ ਉੱਤੇ ਦਿਵਾਉਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਮੁੱਖ ਮੰਤਰੀ ਤੋਂ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਵਿਧਾਇਕਾ ਨੀਨਾ ਮਿੱਤਲ ਨੇ ਸੰਪਰਕ ਕਰਨ ਉੱਤੇ ਦੋਸ਼ਾਂ ਦਾ ਖੰਡਨ ਕੀਤਾ। ਉਨ੍ਹਾਂ ਕਿਹਾ ਕਿ 26 ਵਿੱਘੇ ਤਿੰਨ ਬਿਸਵੇ ਥਾਂ ਦੀ ਹਾਲੇ ਤਾਂ ਗਿਰਦਾਵਰੀ ਕੌਂਸਲ ਦੇ ਨਾਂ ਕਰਾਉਣੀ ਹੈ, ਜਿਸ ਲਈ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਥਾਂ ਨੂੰ ਲੀਜ਼ ਉੱਤੇ ਪਾਰਦਰਸ਼ੀ ਢੰਗ ਨਾਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੌਂਸਲ ਪ੍ਰਧਾਨ ਨੇ ਕੌਂਸਲ ਵਿੱਚ ਬਹੁਤ ਬੇਨਿਯਮੀਆਂ ਕੀਤੀਆਂ ਹੋਈਆਂ ਹਨ ਤੇ ਉਨ੍ਹਾਂ ਪ੍ਰਧਾਨ ਦੀਆਂ ਬੇਨਿਯਮੀਆਂ ਦੀ ਜਾਂਚ ਦੀ ਹੀ ਗੱਲ ਆਖੀ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਕੌਂਸਲਰ ਨੂੰ ਧਮਕੀ ਨਹੀਂ ਦਿੱਤੀ ਗਈ ਪਰ ਸ਼ਹਿਰ ਦੇ ਵਿਕਾਸ ਵਿੱਚ ਰੋੜਾ ਅਟਕਾਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।






