ਜ਼ਿਲ੍ਹਾ ਸੰਗਰੂਰ ਹਲਕਾ ਦਿੜ੍ਹਬਾ ਦਾ ਪਿੰਡ ਗਿਦੜਿਆਣੀ ਆਪਣੀ ਬੁੱਕਲ ਵਿਚ ਇਤਿਹਾਸ ਸਮੋਏ ਬੈਠਾ ਹੈ। ਉਂਝ ਤਾਂ ਹਰ ਪਿੰਡ ਦਾ ਵੱਖਰਾ ਇਤਿਹਾਸ ਤੇ ਭੂਗੋਲ ਹੁੰਦਾ ਹੈ, ਇਵੇਂ ਹੀ ਇਸ ਪਿੰਡ ਦੀ ਵਿਲੱਖਣਤਾ ਇਸ ਪਿੰਡ ਵਿਚ ਪ੍ਰਵੇਸ਼ ਕਰਨ ਸਮੇਂ ਗੇਟ ਤੋਂ ਹੀ ਪਤਾ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਪਿੰਡ ਵਿਚ 1800 ਦੇ ਕਰੀਬ ਵੋਟਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਲੰਮਾ ਸਮਾਂ ਪ੍ਰਧਾਨ ਰਹੇ ਤੇ ਆਪਣੇ ਸਮੇਂ ਦੀ ਸਿਆਸਤ ਵਿਚ ਚੰਗਾ ਨਾਮ ਬਣਾਉਣ ਵਾਲੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜਨਮ ਭੂਮੀ ਪਿੰਡ ਗਿਦੜਿਆਣੀ ਹੈ। ਇਸੇ ਪਿੰਡ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਛੋਟਾ ਘਰ ਹੈ। ਪਿੰਡ ਵਿਚ ਯਾਦਗਾਰੀ ਗੇਟ ਵੀ ਬਣਾਇਆ ਗਿਆ ਹੈ। ਪਿੰਡ ਵਿਚ ਸਥਿਤ ਉਹ ਘਰ ਜਿੱਥੇ ਸੰਤ ਲੌਂਗੋਵਾਲ ਜੀ ਦਾ ਜਨਮ ਹੋਇਆ ਸੀ, ਉਸ ਛੋਟੇ ਜਿਹੇ ਘਰ ਦਾ ਨਵੀਨੀਕਰਨ ਕਰ ਦਿੱਤਾ ਗਿਆ ਹੈ। ਪਿੰਡ ਗਿਦੜਿਆਣੀ ਬਾਰੇ ਖ਼ਾਸ ਗੱਲ ਇਹ ਹੈ ਕਿ ਇਸ ਪਿੰਡ ਦੇ ਲੋਕਾਂ ਵਿਚ ਫ਼ੌਜੀ ਬਣ ਕੇ ਦੇਸ਼ ਦੀ ਸੇਵਾ ਕਰਨ ਦੀ ਭਾਵਨਾ ਪ੍ਰਬਲ ਹੈ। ਇਸ ਪਿੰਡ ਦੇ 60 ਦੇ ਕਰੀਬ ਵਿਅਕਤੀ ਫ਼ੌਜ ਵਿਚ ਸੇਵਾ ਨਿਭਾ ਚੁੱਕੇ ਹਨ ਤੇ ਕਈ ਫ਼ੌਜੀ ਹਾਲੇ ਵੀ ਫੌਜ ਵਿਚ ਦੇਸ਼ ਦੀ ਸੇਵਾ ਕਰ ਰਹੇ ਹਨ। ਦੇਸ਼ ਸੇਵਾ ਦਾ ਇਹ ਜਜ਼ਬਾ ਇਸ ਪੱਧਰ ’ਤੇ ਹੋਣ ਸਦਕਾ ਦਿੜ੍ਹਬਾ ਹਲਕਾ ਹੀ ਨਹੀਂ ਸਗੋਂ ਮਾਲਵਾ ਵਿਚ ਇਸ ਪਿੰਡ ਦੀ ਵੱਖਰੀ ਪਛਾਣ ਹੈ।
ਫ਼ੌਜ ਤੇ ਦੇਸ਼ ਦੀ ਸੇਵਾ ਦੇ ਪੱਖ ਬਾਰੇ ਸਾਬਕਾ ਫ਼ੌਜੀ ਸੂਬੇਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਪਿੰਡ ਗਿਦੜਿਆਣੀਦੇ 30 ਦੇ ਕਰੀਬ ਉਹ ਫ਼ੌਜੀ ਅਧਿਕਾਰੀ ਹਨ, ਜਿਹੜੇ ਕਿ ਸਮੇਂ-ਸਮੇਂ ’ਤੇ ਬਹਾਦਰੀ ਦੇ ਜੌਹਰ ਵਿਖਾ ਕੇ ਸੇਵਾ ਮੁਕਤ ਹੋ ਚੁੱਕੇ ਹਨ। ਇਸੇ ਤਰ੍ਹਾਂ ਹਾਲੇ 30 ਦੇ ਕਰੀਬ ਨੌਜਵਾਨ ਵੱਖ-ਵੱਖ ਰੈਂਕਾਂ ਉੱਤੇ ਫ਼ੌਜ ਵਿਚ ਸੇਵਾ ਨਿਭਾ ਰਹੇ ਹਨ। ਸੂਬੇਦਾਰ ਗੁਰਜੰਟ ਸਿੰਘ ਨੇ ਇਕ ਖ਼ਾਸ ਘਟਨਾ ਦਾ ਉਚੇਚਾ ਜ਼ਿਕਰ ਕਰਦਿਆਂ ਹੋਇਆਂ ਦੱਸਿਆ ਕਿ ਇਕ ਵਾਰ ਤਾਂ ਉਹ 24 ਘੰਟੇ ਬਰਫ ਵਿਚ ਸਾਥੀਆਂ ਸਮੇਤ ਦੱਬੇ ਰਹੇ ਸਨ। ਫੇਰ ਵੱਡਾ ਬੱਦਲ ਫਟਣ ਮਗਰੋਂ ਉਹ ਮਸਾਂ ਬਰਫ ਤੋਂ ਬਾਹਰ ਆ ਸਕੇ ਸਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਹੈ ਕਿ ਸੇਵਾ ਮੁਕਤ ਫੌਜੀਆਂ ਦੀ ਔਲਾਦ ਵੀ ਬਹੁਤਾ ਕਰ ਕੇ ਫ਼ੌਜ ਵਿਚ ਭਰਤੀ ਹੋਣ ਵਿਚ ਦਿਲਚਸਪੀ ਰੱਖਦੀ ਹੈ।
ਗਿਦੜਿਆਣੀ ਨੂੰ ਫੁੱਲਾਂ ਦੀ ਮੰਡੀ ਕਿਹਾ ਜਾਂਦੈ
ਇਸ ਪਿੰਡ ਨੂੰ ਫੁੱਲਾਂ ਦੀ ਮੰਡੀ ਕਿਹਾ ਜਾਂਦਾ ਹੈ ਕਿਉਂਕਿ ਇਸ ਪਿੰਡ ਦੇ 20 ਕਿਸਾਨ 160 ਏਕੜ ਵਿਚ ਫੁੱਲਾਂ ਦੀ ਕਾਸ਼ਤ ਕਰ ਰਹੇ ਹਨ। ਫੁੱਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਅਮਰੀਕ ਸਿੰਘ ਗਿੱਲ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਫੁੱਲਾਂ ਦੀ ਕਾਸ਼ਤ ਕੰਟਰੈਕਟ ਫਾਰਮਿੰਗ ਦੇ ਜ਼ਰੀਏ ਕਰਦੇ ਹਨ। ਵੱਖ-ਵੱਖ ਤਰ੍ਹਾਂ ਦੇ ਫੁੱਲ ਵਿਦੇਸ਼ੀ ਫਰਮਾਂ ਰਾਹੀਂ ਹਾਲੈਂਡ, ਜਰਮਨ ਅਮਰੀਕਾ ਤੇ ਹੋਰ ਦੇਸ਼ਾਂ ਵਿਚ ਸਪਲਾਈ ਕੀਤੇ ਜਾਂਦੇ ਹਨ। ਫੁੱਲਾਂ ਦੀ ਫ਼ਸਲ ਤੋਂ ਕਰੀਬ 3 ਲੱਖ ਰੁਪਏ ਦੇ ਕਰੀਬ ਆਮਦਨ ਹੰੁਦੀ ਹੈ। ਉਨ੍ਹਾਂ ਨੇ ਇਸ ਸਬੰਧ ਵਿਚ ਪੰਜਾਬ ਤੇ ਦੇਸ਼ ਦੀ ਸਰਕਾਰ ਨੂੰ ਬੇਨਤੀ ਕੀਤੀ ਕਿ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ ਫੁੱਲਾਂ ਦੀ ਕਾਸ਼ਤ ਵੱਲ ਧਿਆਨ ਦੇ ਕੇ ਪਾਣੀ ਤੇ ਮਿੱਟੀ ਨੂੰ ਬਚਾਇਆ ਜਾ ਸਕਦਾ ਹੈ। ਇਸ ਲਈ ਇਸ ਪੱਖ ’ਤੇ ਸਰਕਾਰਾਂ ਗ਼ੌਰ ਕਰਨ।
————————-
ਗਿਦੜਿਆਣੀ ਲਈ ਵਿਸ਼ੇਸ਼ ਗ੍ਰਾਂਟ ਦੀ ਤਿਆਰੀ : ਵਿੱਤ ਮੰਤਰੀ ਚੀਮਾ
ਪਿੰਡ ਗਿਦੜਿਆਣੀ ਦੀ ਮੌਜੂਦਾ ਹਾਲਤ ਤੇ ਪੰਜਾਬ ਸਰਕਾਰ ਦੀ ਯੋਜਨਾ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵੀ ਗੱਲਬਾਤ ਕੀਤੀ ਗਈ ਹੈ। ਇਸ ਸਬੰਧ ਵਿਚ ਸੰਪਰਕ ਕਰਨ ’ਤੇ ਵਿੱਤ ਮੰਤਰੀ ਚੀਮਾ ਨੇ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਜੱਦੀ ਪਿੰਡ ਵੱਲ ਜ਼ਰਾ ਧਿਆਨ ਨਹੀਂ ਦਿੱਤਾ। ਇਹੀ ਕਾਰਨ ਹੈ ਕਿ ਪਿੰਡ ਕਈ ਪੱਖਾਂ ਤੋਂ ਪੱਛੜਿਆ ਹੋਇਆ ਹੈ ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਝ ਨਹੀਂ ਕਰੇਗੀ। ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਤੇ ਸਮਾਜ ਤੋਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸਰਕਾਰ ਵਿਸ਼ੇਸ਼ ਕਦਮ ਚੁੱਕੇਗੀ। ਇਸੇ ਤਰ੍ਹਾਂ ਰਵਾਇਤ ਖੇਤੀ ਤੋਂ ਹੱਟ ਕੇ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਖ਼ਾਸ ਤੌਰ ’ਤੇ ਸਨਮਾਨਤ ਕੀਤਾ ਜਾਵੇਗਾ।






