ਗੰਨ ਕਲਚਰ ਦੇ ਵਿਰੁੱਧ ਪੰਜਾਬ ਪੁਲਿਸ ਮੁਹਿੰਮ ਚਲਾ ਰਹੀ ਹੈ। ਹੁਣ ਤਕ 800 ਤੋਂ ਵੱਧ ਹਥਿਆਰਾਂ ਦੇ ਲਾਇਸੈਂਸ ਰੱਦ ਕੀਤੇ ਜਾ ਚੁੱਕੇ ਹਨ, ਜਦਕਿ 8100 ਹੋਰ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹ ਜਾਣਕਾਰੀ ਆਈਜੀ ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇੰਟਰਨੈੱਟ ਮੀਡੀਆ ’ਤੇ ਹਥਿਆਰਾਂ ਦੀਆਂ ਤਸਵੀਰਾਂ ਦੇ ਮਾਮਲਿਆਂ ’ਚ ਹੁਣ ਤਕ 171 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਦਕਿ ਕੁਝ ਦੀ ਜਾਂਚ ਕੀਤੀ ਜਾ ਰਹੀ ਹੈ।
ਜੀ-20 ਦੀ ਸੁਰੱਖਿਆ ਪ੍ਰਬੰਧਨ ਨੂੰ ਲੈ ਕੇ ਆਈਜੀ ਗਿੱਲ ਨੇ ਕਿਹਾ ਕਿ ਪੁਲਿਸ ਨੇ ਸਾਰੇ ਪੁਖਤਾ ਪ੍ਰਬੰਧ ਕਰ ਲਏ ਹਨ। ਸੁਰੱਖਿਆ ’ਚ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਵਰਤੀ ਜਾਵੇਗੀ। ਉਨ੍ਹਾਂ ਪੁਲਿਸ ਵੱਲੋਂ ਚਲਾਏ ਜਾ ਰਹੇ ਆਪ੍ਰੇਸ਼ਨ ਈਗਲ ਤੇ ਹੋਰਨਾਂ ਕਾਰਵਾਈਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਆਈਜੀ ਨੇ ਕਿਹਾ ਕਿ ਜੋ ਅਪਰਾਧੀ ਪੈਰੋਲ ਜਾਂ ਕਿਸੇ ਮਾਮਲੇ ’ਚ ਬਾਹਰ ਆਏ ਹਨ, ਉਨ੍ਹਾਂ ’ਤੇ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਆਈਜੀ ਗਿੱਲ ਨੇ ਦੱਸਿਆ ਕਿ ਪਿਛਲੇ ਅੱਠ ਮਹੀਨਿਆਂ ’ਚ ਹੁਣ ਤਕ 1628 ਵੱਡੀਆਂ ਮੱਛੀਆਂ (ਮੁਲਜ਼ਮਾਂ) ਸਮੇਤ 11360 ਤਸਕਰਾਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਤੋਂ 760.27 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।






