ਗੁਰਦਾਸਪੁਰ ਦੇ ਪਿੰਡ ਗਾਜ਼ੀਕੋਟ ਦੇ 24 ਸਾਲਾ ਐੱਨਆਰਆਈ ਨਿਹੰਗ ਸਿੰਘ ਪ੍ਰਦੀਪ ਸਿੰਘ ਨਮਿਤ ਅੰਤਿਮ ਅਰਦਾਸ ਬੁੱਧਵਾਰ ਨੂੰ ਕੀਤੀ ਗਈ। ਇਸ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪੁੱਜੇ। ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਕਿਹਾ, ‘‘ਭਵਿੱਖ ਵਿਚ ਲੱਗਣ ਵਾਲੇ ਜੋੜ ਮੇਲਿਆਂ ਦੌਰਾਨ ਧਾਰਮਿਕ ਮਰਿਆਦਾ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ। ਪਿਛਲੇ ਕੁਝ ਸਮੇਂ ਤੋਂ ਜੋੜ ਮੇਲਿਆਂ ਵਿਚ ਅਣਸੁਖਾਵੀਂ ਘਟਨਾਵਾਂ ਵਾਪਰ ਰਹੀਆਂ ਹਨ। ਨਿਹੰਗ ਸਿੰਘ ਪ੍ਰਦੀਪ ਸਿੰਘ ਨੇ ਗੁੰਡਾਗਰਦੀ ਨੂੰ ਰੋਕਣ ਦਾ ਯਤਨ ਕਰ ਕੇ ਚੰਗਾ ਸੁਨੇਹਾ ਦਿੱਤਾ ਸੀ। ਉਸ ਨੂੰ ਮਾਰੇ ਜਾਣ ਦਾ ਦੁੱਖ ਹੈ ਤੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਪਹੁੰਚੇ ਹਾਂ। ਆਉਣ ਵਾਲੇ ਜੋੜ ਮੇਲਿਆਂ ਵਿਚ ਪੰਥਕ ਮਰਿਆਦਾ ਨੂੰ ਕਾਇਮ ਰੱਖਿਆ ਜਾਵੇਗਾ। ਸ਼੍ਰੋਮਣੀ ਕਮੇਟੀ ਇਸ ਲਈ ਵਿਸ਼ੇਸ਼ ਯਤਨ ਕਰੇਗੀ’’।
ਜ਼ਿਕਰਯੋਗ ਹੈ ਕਿ 6 ਮਾਰਚ ਨੂੰ ਹੋਲਾ-ਮਹੱਲਾ ਮੇਲੇ ਦੌਰਾਨ ਕੁਝ ਲੋਕਾਂ ਨੇ ਜੀਪ ਵਿਚ ਅਸ਼ਲੀਲ ਗੀਤ ਲਾਏ ਸਨ, ਜਿਸ ਨੂੰ ਪ੍ਰਦੀਪ ਸਿੰਘ ਨੇ ਰੋਕਣ ਲਈ ਕਿਹਾ ਸੀ। ਇਸ ਤੋਂ ਗੁੱਸੇ ’ਚ ਆ ਕੇ ਉਨ੍ਹਾਂ ਵਿਅਕਤੀਆਂ ਨੇ ਕੁੱਟ-ਕੁੱਟ ਕੇ ਨਿਹੰਗ ਸਿੰਘ ਦੀ ਹੱਤਿਆ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਇਹ ਨੌਜਵਾਨ ਕੈਨੇਡਾ ਵਿਚ ਰਹਿੰਦਾ ਸੀ ਤੇ ਕੁਝ ਸਮਾਂ ਪਹਿਲਾਂ ਉਹ ਪੀਆਰ ਲੈ ਕੇ ਸਤੰਬਰ ਮਹੀਨੇ ਘਰ ਆਇਆ ਸੀ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤੇ ਉਸ ਦੀ ਭੈਣ ਵੀ ਵਿਦੇਸ਼ ਵਿਚ ਰਹਿੰਦੀ ਹੈ।






