ਸੁਰੱਖਿਆ ਏਜੰਸੀਆਂ ਨੇ ‘ਆਨੰਦਪੁਰ ਖ਼ਾਲਸਾ ਫੋਰਸ’ (AKF) ਦੇ ਮੁਖੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਇਰਾਦਿਆਂ ਨੂੰ ਭਾਂਪ ਲਿਆ ਹੈ। ਉਹ ਏਕੇਐੱਫ ਵਿਚ ਹਥਿਆਰਬੰਦ ਨੌਜਵਾਨਾਂ ਦੀ ਭਰਤੀ ਕਰਨ ਵਿਚ ਬਹੁਤ ਤੇਜ਼ੀ ਨਾਲ ਸ਼ਾਮਲ ਸੀ ਤਾਂ ਜੋ ਕਿਸੇ ਤਰ੍ਹਾਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਸਕੇ। ਪਤਾ ਲੱਗਾ ਹੈ ਕਿ ਉਕਤ ਕਾਰਵਾਈ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮਜੀਠਾ ਵਿਖੇ ਭਗੌੜੇ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੀ ਗਈ ਮੁਲਾਕਾਤ ਵਿਚ ਕਿਸੇ ਨੇ 11 ਨੌਜਵਾਨਾਂ ਨੂੰ ਮਿਲਵਾਇਆ ਸੀ। ਇਨ੍ਹਾਂ ਨੌਜਵਾਨਾਂ ਨੂੰ ਆਉਣ ਵਾਲੇ ਦਿਨਾਂ ਵਿਚ ਏਕੇਐੱਫ ਵਿਚ ਭਰਤੀ ਕੀਤਾ ਜਾਣਾ ਸੀ ਪਰ ਇਹ ਭੇਤ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨਾਲ ਹੀ ਖੁੱਲ੍ਹ ਸਕਦਾ ਹੈ ਜਾਂ ਫਿਰ ਉਹ ਮੁਲਜ਼ਮ ਜਿਸ ਨੇ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਵਾਈ ਸੀ।
ਦੱਸਿਆ ਜਾ ਰਿਹਾ ਹੈ ਕਿ ਸਾਰੇ 11 ਨੌਜਵਾਨਾਂ ਕੋਲ ਆਪਣੇ-ਆਪਣੇ ਹਥਿਆਰ ਹਨ। ਕੀ ਹਥਿਆਰ ਲਾਇਸੰਸਸ਼ੁਦਾ ਹੈ ਜਾਂ ਗੈਰ-ਕਾਨੂੰਨੀ, ਇਸ ਸਬੰਧੀ ਵੀ ਜਾਂਚ ਚੱਲ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਮੱਧ ਪ੍ਰਦੇਸ਼ ਦੇ ਹਥਿਆਰਾਂ ਦੇ ਤਸਕਰਾਂ ਨਾਲ ਵੀ ਸਬੰਧ ਹਨ ਅਤੇ ਇਨ੍ਹਾਂ ਵਿਚੋਂ ਕੁਝ ਨੌਜਵਾਨਾਂ ਕੋਲ ਐੱਮਪੀ ਪਿਸਤੌਲ ਵੀ ਹਨ।
13 ਮਾਰਚ ਨੂੰ ਵੀ ਅੰਮ੍ਰਿਤਪਾਲ ਅੰਮ੍ਰਿਤਸਰ ’ਚ ਮਿਲਿਆ ਸੀ ਨੌਜਵਾਨਾਂ ਨੂੰ
ਪਤਾ ਲੱਗਾ ਹੈ ਕਿ 13 ਮਾਰਚ ਨੂੰ ਵੀ ਅੰਮ੍ਰਿਤਪਾਲ ਸਿੰਘ ਆਪਣੇ ਹਥਿਆਰਬੰਦ ਸਾਥੀਆਂ ਨਾਲ ਅੰਮ੍ਰਿਤਸਰ ਬੱਸ ਸਟੈਂਡ ਦੇ ਪਿੱਛੇ ਇਕ ਧਾਰਮਿਕ ਸਥਾਨ ’ਤੇ ਕੁਝ ਨੌਜਵਾਨਾਂ ਨੂੰ ਮਿਲਿਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਉਥੇ ਆਨੰਦਪੁਰ ਖਾਲਸਾ ਫੋਰਸ ਦਾ ਵੀ ਜ਼ਿਕਰ ਕੀਤਾ ਸੀ।
ਅੰਮ੍ਰਿਤਸਰ ਤੇ ਜਲੰਧਰ ’ਚ ਖ਼ਫ਼ੀਆ ਏਜੰਸੀਆਂ ਦਾ ਇਕੱਠ
ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਸਾਹਮਣੇ ਕਈ ਰਾਜ਼ ਸਾਹਮਣੇ ਆਏ ਹਨ ਜਿਨ੍ਹਾਂ ’ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਦੇਸ਼ ਦੀ ਸੁਰੱਖਿਆ ’ਚ ਲੱਗੀਆਂ ਖ਼ੁਫ਼ੀਆ ਏਜੰਸੀਆਂ ਵੀ ਪੰਜਾਬ ਪਹੁੰਚ ਚੁੱਕੀਆਂ ਹਨ। ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਖ਼ਾਸ ਕਰ ਕੇ ਅੰਮ੍ਰਿਤਸਰ (ਅੰਮ੍ਰਿਤਪਾਲ ਦਾ ਗੜ੍ਹ) ਅਤੇ ਜਲੰਧਰ ਵਿਚ ਇਕੱਠੇ ਹੋਏ ਹਨ। ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ’ਤੇ ਲਗਾਤਾਰ ਜਾਂਚ ਜਾਰੀ ਹੈ।
ਗੰਨ ਹਾਊਸ ਵੀ ਹਨ ਨਿਸ਼ਾਨੇ ’ਤੇ
ਪੁਲਿਸ ਨੂੰ ਪਤਾ ਲੱਗਾ ਹੈ ਕਿ ਕੁਝ ਗੰਨ ਹਾਊਸ ਦੇ ਮਾਲਕ ਅੰਮ੍ਰਿਤਪਾਲ ਸਿੰਘ ਦੀ ਖਾਲਿਸਤਾਨ ਲਹਿਰ ਵਿਚ ਸਹਿਯੋਗ ਕਰ ਰਹੇ ਹਨ। ਖ਼ਦਸ਼ਾ ਹੈ ਕਿ ਪੰਜਾਬ ਦੇ ਕੁਝ ਗੰਨ ਹਾਊਸ ਖ਼ਾਲਿਸਤਾਨੀ ਅੰਮ੍ਰਿਤਪਾਲ ਨੂੰ ਕਾਰਤੂਸ ਮੁਹੱਈਆ ਕਰਵਾ ਰਹੇ ਸਨ। ਆਉਣ ਵਾਲੇ ਦਿਨਾਂ ’ਚ ਪੁਲਿਸ ਗੰਨ ਹਾਊਸਾਂ ’ਤੇ ਸ਼ਿਕੰਜਾ ਕੱਸਣ ਜਾ ਰਹੀ ਹੈ।
ਅੰਮ੍ਰਿਤਪਾਲ ਦੇ ਖੋਲ੍ਹੇ ਕਈ ਭੇਤ
ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਸੱਤ ਮੁਲਜ਼ਮਾਂ ਹਰਮਿੰਦਰ ਸਿੰਘ, ਅਜੈਪਾਲ ਸਿੰਘ, ਬਲਜਿੰਦਰ ਸਿੰਘ, ਅਮਨਦੀਪ ਸਿੰਘ, ਸਵਰੀਤ ਸਿੰਘ, ਗੁਰਲਾਲ ਸਿੰਘ, ਗੁਰਵੀਰ ਸਿੰਘ ਨੇ ਅੰਮ੍ਰਿਤਸਰ (ਦਿਹਾਤੀ) ਦੀ ਪੁਲਿਸ ਦੇ ਸੀਆਈਏ ਸਟਾਫ ਕੋਲ ਕਈ ਭੇਤ ਖੋਲ੍ਹ ਦਿੱਤੇ ਹਨ। ਮੁਲਜ਼ਮਾਂ ਨੇ ਅੰਮ੍ਰਿਤਪਾਲ ਸਿੰਘ ਦੀਆਂ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਕੈਨੇਡਾ ਨਾਲ ਸਬੰਧਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ।
ਅੰਮ੍ਰਿਤਪਾਲ ਦੇ ਪਿਤਾ ਨੂੰ ਸਤਾਉਣ ਲੱਗਾ ਬੇਟੇ ਦੇ ਮੁਕਾਬਲੇ ਦਾ ਡਰ
ਦੂਜੇ ਪਾਸੇ ਖਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਆਪਣੇ ਪੁੱਤਰ ਦੇ ਐਨਕਾਊਂਟਰ ਦੇ ਖ਼ਦਸ਼ੇ ਨੂੰ ਲੈ ਕੇ ਚਿੰਤਤ ਹਨ। ਤਰਸੇਮ ਸਿੰਘ ਆਪਣੇ ਭਰਾ ਹਰਜੀਤ ਸਿੰਘ ਦੀ ਪੇਸ਼ੀ ਬਾਰੇ ਪਤਾ ਲੱਗਣ ’ਤੇ ਬਾਬਾ ਬਕਾਲਾ ਅਦਾਲਤ ਵਿਚ ਪੁੱਜ ਗਿਆ ਸੀ ਪਰ ਉਸ ਦੇ ਭਰਾ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ।






