ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਜਿਸ ‘ਤੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਸੁਣਵਾਈ ਹੋਈ। ਚੰਡੀਗੜ੍ਹ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਝਾੜ ਪਾਈ ਹੈ। ਅਦਾਲਤ ਨੇ ਪੁਲਿਸ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ‘ਤੇ ਗੰਭੀਰ ਦੋਸ਼ ਸਨ। ਜਦੋਂ ਉਸ ਦੇ ਹੋਰ ਸਾਥੀ ਫੜੇ ਗਏ ਤਾਂ ਉਹ ਕਿਵੇਂ ਭੱਜ ਗਿਆ ? ਐਡਵੋਕੇਟ ਜਨਰਲ ਵਿਨੋਦ ਘਈ ਨੇ ਹਾਈ ਕੋਰਟ ‘ਚ ਜਵਾਬ ਦਾਇਰ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ‘ਤੇ NSA ਲਗਾਇਆ ਗਿਆ ਹੈ ਪਰ ਉਹ ਹਾਲੇ ਵੀ ਫਰਾਰ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ 80,000 ਪੁਲਿਸ ਮੁਲਾਜ਼ਮ ਕੀ ਕਰ ਰਹੇ ? ਹੁਣ ਇਸ ਮਾਮਲੇ ਦੀ ਸੁਣਵਾਈ 28 ਮਾਰਚ ਨੂੰ ਹੋਵੇਗੀ।
ਦਰਅਸਲ ਖਾਲਿਸਤਾਨ ਪੱਖੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਆਪਣੇ ਪੁੱਤਰ ਦੇ ਐਨਕਾਊਂਟਰ ਦੇ ਖ਼ਦਸ਼ੇ ਨੂੰ ਲੈ ਕੇ ਚਿੰਤਤ ਹਨ। ਤਰਸੇਮ ਸਿੰਘ ਆਪਣੇ ਭਰਾ ਹਰਜੀਤ ਸਿੰਘ ਦੀ ਪੇਸ਼ੀ ਬਾਰੇ ਪਤਾ ਲੱਗਣ ’ਤੇ ਬਾਬਾ ਬਕਾਲਾ ਅਦਾਲਤ ਵਿਚ ਪੁੱਜ ਗਿਆ ਸੀ ਪਰ ਉਸ ਦੇ ਭਰਾ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ।
‘ਇਹ ਇੰਟੈਲੀਜੈਂਸ ਫੇਲੀਅਰ ਹੈ’
ਹਾਈ ਕੋਰਟ ਨੇ ਕਿਹਾ ਕਿ ਇਹ ਇੰਟੈਲੀਜੈਂਸ ਅਸਫਲਤਾ ਹੈ। ਉਸ ‘ਤੇ ਕਈ ਕੇਸ ਹਨ, ਫਿਰ ਉਹ ਕਿਵੇਂ ਭੱਜਿਆ। ਅਸੀਂ ਤੁਹਾਡੀ ਕਹਾਣੀ ‘ਤੇ ਵਿਸ਼ਵਾਸ ਨਹੀਂ ਕਰ ਸਕਦੇ।
ਸਰਕਾਰ ਨੂੰ ਚਾਰ ਦਿਨਾਂ ‘ਚ ਸਟੇਟਸ ਰਿਪੋਰਟ ਦੇਣ ਦੇ ਹੁਕਮ
ਅਦਾਲਤ ਨੇ ਸਰਕਾਰ ਨੂੰ ਚਾਰ ਦਿਨਾਂ ‘ਚ ਸਟੇਟਸ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਇਸ ‘ਤੇ ਸਰਕਾਰ ਨੇ ਕਿਹਾ ਕਿ ਅਸੀਂ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੀ-20 ਦੀ ਮੀਟਿੰਗ ਕਾਰਨ ਪੁਲਿਸ ਰੁੱਝੀ ਹੋਈ ਸੀ। ਇਸ ਦੇ ਨਾਲ ਹੀ ਅਦਾਲਤ ਨੇ ਪਿਤਾ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਤਨੂੰ ਬੇਦੀ ਨੂੰ ਕੋਰਟ ਮਿੱਤਰ ਨਿਯੁਕਤ ਕੀਤਾ।






