ਆਮ ਆਦਮੀ ਪਾਰਟੀ ਨੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੂੰ ਪਾਰਟੀ ਦਾ ਸੂਬਾ ਕਾਰਜਕਾਰੀ ਮੁਖੀ ਨਿਯੁਕਤ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ 7 ਨਵੇਂ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
‘ਆਪ’ ਸੁਪਰੀਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ‘ਚ ਲਿਖਿਆ, ਨਵੇਂ ਅਹੁਦੇਦਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ..ਉਮੀਦ ਹੈ ਕਿ ਤਨਦੇਹੀ ਨਾਲ ਪੰਜਾਬ ਦੀ ਸੇਵਾ ਕਰੋਗੇ…।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹਲਕਾ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ (ਸ਼ੈਰੀ ਕਲਸੀ) ਨੂੰ ਅੱਜ ਪੰਜਾਬ ਦਾ ਸੂਬਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਚੇਅਰਮੈਨ ਜਗਰੂਪ ਸੇਖਵਾਂ ਪਾਰਟੀ ਦੇ ਸੁਬਾ ਜਨਰਲ ਸਕੱਤਰ ਬਣਾਏ ਗਏ ਹਨ।

ਆਪਣੀ ਇਸ ਨਿਯੁਕਤੀ ਤੇ ਗੱਲਬਾਤ ਕਰਦਿਆਂ ਐਮ ਐਲ ਏ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਤਹਿ ਦਿਲੋ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਉਨਾਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਾਰਟੀ ਹਾਈਕਮਾਂਡ ਵੱਲੋਂ ਸ਼ੈਰੀ ਕਲਸੀ ਨੂੰ ਮੱਧ ਪ੍ਰਦੇਸ਼ ਸੂਬੇ ਦਾ ਸਹਿ ਪ੍ਰਭਾਰੀ ਨਿਯੁੱਕਤ ਕੀਤਾ ਗਿਆ ਸੀ ਅਤੇ ਇਸ ਵੇਲੇ ਉਹ ਪਾਰਟੀ ਦੀ ਮਜ਼ਬੂਤੀ ਲਈ ਮੱਧ ਪ੍ਰਦੇਸ਼ ਵਿਖੇ ਗਏ ਹੋਏ ਹਨ। ਉਧਰ ਜਗਰੂਪ ਸੇਖਵਾਂ ਪਾਰਟੀ ਦੇ ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਲ-ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੀ ਹਨ। ਚੇਅਰਮੈਨ ਜਗਰੂਪ ਸੇਖਵਾਂ ਨੇ ਵੀ ਇਸ ਨਵੀਂ ਅਤੇ ਵੱਡੀ ਅਹੁਦੇਦਾਰੀ ਨਾਲ ਨਵਾਜਣ ਲਈ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ।





