ਗੰਭੀਰ ਚੱਕਰਵਾਤੀ ਤੂਫ਼ਾਨ ‘ਅਰਨਬ’ ਦੇ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ (ਲੈਂਡਫਾਲ) ਦੀ ਪ੍ਰਕਿਰਿਆ ਦੇ ਅੰਤਿਮ ਪੜਾਅ ਵਿੱਚ ਪਹੁੰਚਣ ਨਾਲ ਰਾਜ ਦੇ ਤੱਟਵਰਤੀ ਖੇਤਰਾਂ ਵਿੱਚ ਭਾਰੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ। ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਸਮੁੰਦਰ ਵਿੱਚ ਉੱਠਦੀਆਂ ਉੱਚੀਆਂ ਲਹਿਰਾਂ ਨੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਮੌਸਮ ਵਿਭਾਗ (IMD) ਮੁਤਾਬਕ ਤੂਫ਼ਾਨ ਦਾ ਕੇਂਦਰ ਆਂਧਰਾ ਪ੍ਰਦੇਸ਼ ਅਤੇ ਯਾਨਮ ਦੇ ਤੱਟਾਂ ਨੇੜੇ ਸਥਿਤ ਹੈ। ਅਮਰਾਵਤੀ ਮੌਸਮ ਵਿਭਾਗ ਦੀ ਡਾਇਰੈਕਟਰ ਡਾ. ਕੇ. ਨਾਗਰਤਨਾ ਨੇ ਦੱਸਿਆ ਕਿ ਤੱਟਵਰਤੀ ਇਲਾਕਿਆਂ ਵਿੱਚ 125 ਤੋਂ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਦੀ ਰਫ਼ਤਾਰ 150 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀ ਹੈ। ਕਾਕੀਨਾਡਾ ਅਤੇ ਯਾਨਮ ਤੱਟਾਂ ’ਤੇ ਸਮੁੰਦਰ ਵਿੱਚ 2.5 ਮੀਟਰ ਤੱਕ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ, ਜਿਸ ਨਾਲ ਹੇਠਲੇ ਇਲਾਕਿਆਂ ਵਿੱਚ ਸਮੁੰਦਰੀ ਪਾਣੀ ਭਰਨ ਦਾ ਖ਼ਤਰਾ ਬਣ ਗਿਆ ਹੈ।
ਸਰਕਾਰ ਨੇ ਬਾਪਤਲਾ, ਗੁੰਟੂਰ, ਕ੍ਰਿਸ਼ਨਾ, ਵਿਸ਼ਾਖਾਪਟਨਮ, ਈਸਟ ਤੇ ਵੈਸਟ ਗੋਦਾਵਰੀ ਸਮੇਤ 16 ਜ਼ਿਲ੍ਹਿਆਂ ਵਿੱਚ ਫਲੈਸ਼ ਫਲੱਡ (ਅਚਾਨਕ ਹੜ੍ਹ) ਦਾ ਅਲਰਟ ਜਾਰੀ ਕੀਤਾ ਹੈ। ਵਿਸ਼ਾਖਾਪਟਨਮ ਦੇ ਆਰ.ਕੇ. ਬੀਚ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਮਛਿਆਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਸ਼ਹਿਰ ਵਿੱਚ ਕਈ ਥਾਵਾਂ ’ਤੇ ਦਰੱਖਤ ਉੱਖੜ ਗਏ ਹਨ ਅਤੇ ਵਿਜੇਵਾੜਾ ਵਿੱਚ ਭਾਰੀ ਬਾਰਸ਼ ਕਾਰਨ ਸੜਕਾਂ ਜਲਥਲ ਹੋ ਗਈਆਂ ਹਨ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਦੱਸਿਆ ਕਿ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਸੂਬੇ ਵਿੱਚ 2,199 ਚੱਕਰਵਾਤ ਰਾਹਤ ਕੈਂਪ ਬਣਾਏ ਗਏ ਹਨ। ਰਾਹਤ ਤੇ ਬਚਾਅ ਕਾਰਜਾਂ ਲਈ 14 ਜ਼ਿਲ੍ਹਿਆਂ ਵਿੱਚ NDRF ਦੀਆਂ 12 ਅਤੇ SDRF ਦੀਆਂ 10 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 1,087 ਮੈਡੀਕਲ ਟੀਮਾਂ, 1,274 ਐਂਬੂਲੈਂਸਾਂ ਅਤੇ ਐਮਰਜੈਂਸੀ ਬੈੱਡ ਤਿਆਰ ਰੱਖੇ ਗਏ ਹਨ। ਗਰਭਵਤੀ ਔਰਤਾਂ ਨੂੰ ਸੁਰੱਖਿਅਤ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਹੈ।
ਤੂਫ਼ਾਨ ਦੇ ਚੱਲਦਿਆਂ ਵਿਸ਼ਾਖਾਪਟਨਮ, ਵਿਜੇਵਾੜਾ ਅਤੇ ਰਾਜਮੁੰਦਰੀ ਹਵਾਈ ਅੱਡਿਆਂ ਤੋਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਹਵਾਵਾਂ ਸ਼ਾਂਤ ਨਹੀਂ ਹੁੰਦੀਆਂ, ਉਹ ਘਰਾਂ ਅੰਦਰ ਹੀ ਰਹਿਣ ਅਤੇ ਬਿਜਲੀ ਦੇ ਖੰਭਿਆਂ ਜਾਂ ਵੱਡੇ ਦਰੱਖਤਾਂ ਹੇਠ ਖੜ੍ਹੇ ਹੋਣ ਤੋਂ ਗੁਰੇਜ਼ ਕਰਨ।




