ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਫ਼ ਕੀਤਾ ਹੈ ਕਿ ਬੇਅਦਬੀ ਚਾਹੇ ਕਿਸੇ ਵੀ ਧਰਮ ਦੀ ਹੋਵੇ, ਇਹ ਸੰਗੀਨ ਜੁਰਮ ਹੈ। ਇਸ ਤਰ੍ਹਾਂ ਦੇ ਮੁਲਜ਼ਮ ਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਸਕਦੀ। ਆਪਣੇ ਆਪ ਨੂੰ ਪਹਿਲੇ ਪਾਤਸ਼ਾਹ ਜੀ ਦਾ ਅਵਤਾਰ ਤੇ ਫਿਰ 12ਵਾਂ ਗੁਰੂ ਹੋਣ ਦਾ ਦਾਅਵਾ ਕਰਨ ਵਾਲੇ ਪਟੀਸ਼ਨਰ ਵਿਰੁੱਧ ਦਰਜ ਐੱਫਆਈਆਰ ਨੂੰ ਰੱਦ ਕਰਨ ਤੋਂ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਤੇ ਉਪਰੋਕਤ ਟਿੱਪਣੀ ਕੀਤੀ ਹੈ।
ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗੜਾ ਨਿਵਾਸੀ ਸੰਜੇ ਰਾਏ ਦੇ ਵਿਰੁੱਧ ਅੰਮ੍ਰਿਤਸਰ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਇਹ ਅਨਸਰ ਸਿੱਖ ਕੌਮ ਦੀਆਂ ਭਾਵਨਾਵਾਂ ਭੜਕਾ ਰਿਹਾ ਹੈ। ਇਸ ਸੰਗੀਨ ਮਾਮਲੇ ਸਬੰਧੀ ਅੰਮ੍ਰਿਤਸਰ ਵਿਚ 23 ਦਸੰਬਰ, 2022 ਨੂੰ ਦਰਜ ਐੱਫਆਈਆਰ ਰੱਦ ਕਰਨ ਦੀ ਮੰਗ ਕਰਦੇ ਹੋਏ ਰਾਏ ਨੇ ਕਿਹਾ ਸੀ, ਅਖੇ ਦੁਨੀਆ ਵਿਚ ਸਿਰਫ਼ ਇੱਕੋ ਧਰਮ ਸਨਾਤਨ ਹੈ ਤੇ ਬਾਕੀ ਸਾਰੇ ਪੰਥ ਹਨ। ਰਾਏ ਦਾਅਵਾ ਕਰ ਰਿਹਾ ਸੀ ਕਿ ਉਹ ਪਹਿਲੇ ਪਾਤਸ਼ਾਹ ਜੀ ਦਾ ਅਵਤਾਰ ਹੈ। ਰਾਏ ਦੀ ਇੰਟਰਨੈੱਟ ਮੀਡੀਆ ’ਤੇ ਵੀਡੀਓ ਪਈ ਹੈ, ਜਿਸ ਵਿਚ ਉਹ ਖ਼ੁਦ ਨੂੰ ਪਹਿਲੇ ਪਾਤਸ਼ਾਹ ਜੀ ਦਾ ਅਵਤਾਰ ਹੋਣ ਦਾ ਦਾਅਵਾ ਕਰ ਰਿਹਾ ਹੈ। ਜਦਕਿ ਸਿੱਖ ਵਿਚਾਰਧਾਰਾ ਮੁਤਾਬਕ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਜੀਵਤ ਵਿਅਕਤੀ ਨੂੰ ਗੁਰੂ ਨਹੀਂ ਮੰਨਿਆ ਜਾ ਸਕਦਾ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਜਾਂਚ ਚੱਲ ਰਹੀ ਹੈ।






