ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਨਤੀਜਾ ਪਤਾ ਕਰਨ ਲਈ ਯੂਨੀਵਰਸਿਟੀ ਆਉਣ ਵਾਲੇ ਵਿਦਿਆਰਥੀਆਂ ਦੀ ਖੱਜਲ ਖੁਆਰੀ ਨੂੰ ਘਟਾਉਣ ਲਈ ਇਕ ਨਵੀਂ ਸਹੂਲਤ ਪ੍ਰਦਾਨ ਕੀਤੀ ਗਈ ਹੈ। ਪ੍ਰੀਖਿਆ ਸ਼ਾਖਾ ਦੇ ਕੰਟਰੋਲਰ ਪ੍ਰੋ. ਵਿਸ਼ਾਲ ਗੋਇਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਖਿਆ ਸ਼ਾਖਾ ਦੀ ਆਈਟੀ ਟੀਮ ਦੇ ਕੋਆਰਡੀਨੇਟਰ ਦਲਬੀਰ ਸਿੰਘ ਵੱਲੋਂ ਇਸ ਸਬੰਧੀ ਇਕ ਵਿਸ਼ੇਸ਼ ਸੁਵਿਧਾ ਮੁਹੱਈਆ ਕਰਵਾਈ ਗਈ ਹੈ। ਜਿਸ ਅਨੁਸਾਰ ਵਿਦਿਆਰਥੀ ਆਪਣੇ ਘਰ ਬੈਠੇ ਹੀ ਯੂਨੀਵਰਸਿਟੀ ਦੀ ਵੈੱਬਸਾਈਟ \Rwww.punjabiuniversity.ac.in ’ਤੇ ਐਗਜ਼ਾਮੀਨੇਸ਼ਨ ਪੋਰਟਲ ਰਾਹੀਂ ਆਪਣੇ ਨਤੀਜਿਆਂ ਦੀ ਸਥਿਤੀ ਬਾਰੇ ਜਾਣ ਸਕਦੇ ਹਨ। ਰੀ-ਅਪੀਅਰ ਤੇ ਰੈਗੂਲਰ ਨਤੀਜਿਆਂ ਦੇ ਕੇਸ ਵਿਚ ਉਹ ਘਰ ਬੈਠੇ ਆਪਣਾ ਰੋਲ ਨੰਬਰ ਭਰ ਕੇ ਸਥਿਤੀ ਜਾਣ ਸਕਦੇ ਹਨ ਕਿ ਕੀ ਉਨ੍ਹਾਂ ਦੇ ਸਾਰੇ ਪੇਪਰ ਚੈੱਕ ਹੋ ਕੇ ਨਤੀਜਾ ਤਿਆਰ ਹੋ ਚੁੱਕਾ ਹੈ ਜਾਂ ਨਹੀਂ। ਇਸੇ ਤਰ੍ਹਾਂ ਕਨਫੀਡੈਂਸ਼ੀਅਲ ਨਤੀਜਿਆਂ ਦੇ ਮਾਮਲੇ ਵਿਚ ਉਹ ਆਪਣਾ ਰੋਲ ਨੰਬਰ ਭਰ ਕੇ ਜਾਣ ਸਕਦੇ ਹਨ ਕਿ ਉਹ ਨਤੀਜਾ ਲੈਣ ਦੀ ਪਾਤਰਤਾ ਰੱਖਦੇ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਵਿਦਿਆਰਥੀਆਂ ਦੀ ਖੱਜਲ ਖੁਆਰੀ ਘੱਟ ਹੋ ਜਾਵੇਗੀ ਅਤੇ ਉਹ ਉਸ ਸਮੇਂ ਹੀ ਯੂਨੀਵਰਸਿਟੀ ਕੈਂਪਸ ਆਉਣਗੇ ਜਦੋਂ ਉਨ੍ਹਾਂ ਦੇ ਸਾਰੇ ਪੇਪਰ ਚੈੱਕ ਹੋ ਕੇ ਨਤੀਜਾ ਤਿਆਰ ਹੋਵੇ। ਉਨ੍ਹਾਂ ਕਿਹਾ ਕਿ ਇਸ ਛੋਟੀ ਜਿਹੀ ਪਹਿਲਕਦਮੀ ਨਾਲ ਦੂਰ ਦੁਰਾਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਵਾਰ-ਵਾਰ ਯੂਨੀਵਰਸਿਟੀ ਦੇ ਚੱਕਰ ਨਹੀਂ ਮਾਰਨੇ ਪੈਣਗੇ।






