ਪਟਿਆਲਾ ਦੇ ਪਿੰਡ ਮੋਹਲਗੜ੍ਹ ਵਾਸੀ ਹਰਪ੍ਰੀਤ ਸਿੰਘ (25) ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ’ਚ ਪਿੰਡ ਦੇ 70 ਲੋਕਾਂ ਨੂੰ ਇਕੱਠੇ ਧਾਰਮਿਕ ਸਜ਼ਾ ਸੁਣਾਈ ਗਈ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਇਸ ਘਟਨਾ ਲਈ ਸਾਰੇ ਪਿੰਡ ਵਾਸੀਆਂ ਨੂੰ ਜ਼ਿੰਮੇਵਾਰ ਮੰਨਿਆ ਗਿਆ। ਉਨ੍ਹਾਂ ਨੂੰ ਐਤਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਗਿਆ ਸੀ। ਇੱਥੇ ਪੰਜ ਪਿਆਰਿਆਂ ਨੇ ਮਿਲ ਕੇ 70 ਪਿੰਡ ਵਾਸੀਆਂ ਨੂੰ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ’ਚ ਪੰਜ ਦਿਨਾਂ ਤੱਕ ਹਰ ਰੋਜ਼ ਤਿੰਨ ਘੰਟੇ ਝਾੜੂ ਲਗਾਉਣ ਤੇ ਸੰਗਤ ਦੇ ਝੂਠੇ ਬਰਤਨ ਸਾਫ ਕਰਨ ਦੀ ਸੇਵਾ ਲਗਾਈ ਹੈ। ਜਿਨ੍ਹਾਂ ਨੂੰ ਇਹ ਸਜ਼ਾ ਲਗਾਈ ਗਈ ਹੈ ਉਨ੍ਹਾਂ ’ਚ 75 ਸਾਲਾ ਬਲਕਾਰ ਸਿੰਘ, 60 ਸਾਲਾ ਸਾਹਿਬ ਸਿੰਘ ਤੇ ਕੇਵਲ 20 ਸਾਲਾ ਸਾਹਿਬਬੀਰ ਸਿੰਘ ਵੀ ਸ਼ਾਮਲ ਹਨ। ਇਹ ਪਹਿਲੀ ਵਾਰ ਹੈ ਕਿ ਕਿਸੇ ਪਿੰਡ ਦੇ ਸਾਰੇ ਪ੍ਰਮੁੱਖ ਵਿਅਕਤੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਤਰ੍ਹਾਂ ਸਜ਼ਾ ਦਿੱਤੀ ਗਈ ਹੋਵੇ।
ਪਿੰਡ ਵਾਸੀਆਂ ਸਾਹਿਬਬੀਰ ਸਿੰਘ, ਜਸਵਿੰਦਰ ਸਿੰਘ, ਨੰਬਰਦਾਰ ਜੋਗਾ ਸਿੰਘ ਬਾਜਵਾ, ਜਸਮੇਲ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਮੁਲਜ਼ਮ ਹਰਪ੍ਰੀਤ ਸਿੰਘ ਨੇ ਸਾਰਿਆਂ ਨੂੰ ਗੁਨਾਹਗਾਰ ਬਣਾ ਦਿੱਤਾ ਹੈ ਤੇ ਸਾਰੇ ਪਿੰਡ ਵਾਸੀ ਉਸ ਦੀਆਂ ਹਰਕਤਾਂ ਤੋਂ ਸ਼ਰਮਿੰਦਾ ਹਨ। ਉਨ੍ਹਾਂ ਦੱਸਿਆ ਕਿ ਬੀਤੀ 19 ਅਕਤੂਬਰ ਨੂੰ ਦੁਪਹਿਰ 1.30 ਵਜੇ ਹਰਪ੍ਰੀਤ ਸਿੰਘ ਨੇ ਗੁਰਦੁਆਰੇ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਣੇ ਸ਼ੁਰੂ ਕਰ ਦਿੱਤੇ। ਹਰਪ੍ਰੀਤ ਨੇ ਇਕ ਅੰਗ (ਪੰਨਾ) ਅਗਨ ਭੇਟ ਕਰ ਦਿੱਤਾ। ਪਾਠੀ ਦੀ ਗ਼ੈਰ-ਮੌਜੂਦਗੀ ’ਚ ਜਦੋਂ ਇਕ ਔਰਤ ਨੇ ਰੌਲ਼ਾ ਪਾਇਆ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ ਪਰ ਉਦੋਂ ਤੱਕ ਪਵਿੱਤਰ ਸਰੂਪ ਦੀ ਬੇਅਦਬੀ ਹੋ ਚੁੱਕੀ ਸੀ।






