ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਫ਼ਿਰ ਆਪਣੇ ਦਿਲ ਦਾ ਦਰਦ ਫਰੋਲਿਆ। ਆਪਣੀ ਹਵੇਲੀ ’ਚ ਦੁੱਖ ਸਾਂਝਾ ਕਰਨ ਆਏ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਉਸ ਨੇ ਕਿਹਾ ਕਿ ਸਰਕਾਰਾਂ ਉਸ ਨੂੰ ਪੁੱਤ ਦਾ ਇਨਸਾਫ਼ ਨਹੀਂ ਦੇ ਰਹੀਆਂ।
ਪਰ ਇਹ ਹਕੂਮਤਾਂ ਗੈਂਗਸਟਰਾਂ ਦੇ ਪੱਖ ’ਚ ਖੜ੍ਹੀਆਂ ਜ਼ਰੂਰ ਨਜ਼ਰ ਆ ਰਹੀਆਂ ਹਨ। ਉਨ੍ਹਾਂ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕੀਤੀ ਪਰ ਨਾਲ ਹੀ ਉਨ੍ਹਾਂ ਇਹ ਵੀ ਗਿਲਾ ਕੀਤਾ ਕਿ ਸਰਕਾਰ ਏ-ਕੈਟੇਗਰੀ ਦੇ ਗੈਂਗਸਟਰਾਂ ਦਾ ਸਾਥ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਨੇ ਟੀਵੀ ’ਤੇ ਕਬੂਲਨਾਮਾ ਕੀਤਾ, ਫ਼ਿਰ ਵੀ ਸਰਕਾਰ ਚੁੱਪ ਵੱਟੀ ਬੈਠੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਖੁਲ੍ਹੀ ਬਹਿਸ ਦੇ ਸਬੰਧ ’ਚ ਕਿਹਾ ਕਿ ਉਹ ਉਨ੍ਹਾਂ ਦੇ ਸਵਾਲਾਂ ਦਾ ਹੀ ਜਵਾਬ ਦੇ ਦੇਵੇ। ਉਨ੍ਹਾਂ ਕਿਹਾ ਕਿ ਇਹ ਦੱਸਿਆ ਜਾਵੇ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਿਵੇਂ ਅਤੇ ਕਿੱਥੇ ਹੋਈ।






