ਫਿਲੌਰ ’ਚ ਸੜਕ ਹਾਦਸੇ ’ਚ 9ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਨ ਵਾਸੀ ਨਕੋਦਰ ਵਜੋਂ ਹੋਈ ਹੈ। ਫਿਲੌਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਮੁਤਾਬਕ ਰਾਜਨ ਆਪਣੇ ਦੋ ਦੋਸਤਾਂ ਨਾਲ ਫਿਲੌਰ ਦੇ ਸਕੂਲ ’ਚ ਪੇਪਰ ਦੇਣ ਜਾ ਰਿਹਾ ਸੀ। ਰਾਜਨ ਬਾਈਕ ਚਲਾ ਰਿਹਾ ਸੀ ਤੇ ਬਾਕੀ ਦੋ ਦੋਸਤ ਪਿੱਛੇ ਬੈਠੇ ਸਨ। ਰਾਜਨ ਦੀਆਂ ਅੱਖਾਂ ’ਚ ਕੁੱਝ ਪੈ ਗਿਆ, ਜਿਸ ਕਾਰਨ ਬਾਈਕ ਬੇਕਾਬੂ ਹੋ ਕੇ ਕੱਚੀ ਸੜਕ ’ਤੇ ਜਾ ਡਿੱਗੀ। ਉੱਥੇ ਤਿੰਨੋਂ ਬਾਈਕ ਡਿੱਗ ਪਈਆਂ ਪਰ ਰਾਜਨ ਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ। ਉੱਥੋਂ ਲੰਘ ਰਹੇ ਰਾਹਗੀਰਾਂ ਨੇ ਉਸ ਨੂੰ ਸਾਥੀਆਂ ਸਮੇਤ ਹਸਪਤਾਲ ਪਹੁੰਚਾਇਆ। ਉਥੋਂ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਪਰ ਰਾਜਨ ਦੀ ਰਸਤੇ ’ਚ ਹੀ ਮੌਤ ਹੋ ਗਈ। ਰਾਹਗੀਰਾਂ ਨੇ ਦੱਸਿਆ ਕਿ ਬਾਈਕ ਦੀ ਸਪੀਡ ਬਹੁਤ ਜ਼ਿਆਦਾ ਸੀ ਤੇ ਕਿਸੇ ਨੇ ਹੈਲਮੇਟ ਵੀ ਨਹੀਂ ਪਾਇਆ ਹੋਇਆ ਸੀ। ਦੂਜੇ ਪਾਸੇ ਰਾਜਨ ਦੀ ਮੌਤ ਕਾਰਨ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।






