ਅੱਜ ਚੜ੍ਹਦੀ ਸਵੇਰ ਮੋਗਾ ‘ਚ ਪੁਲਿਸ ਤੇ ਗੈਂਗਸਟਰਾਂ ਦੀ ਮੁਕਾਬਲੇ ‘ਚ ਫਾਇਰਿੰਗ ਦੌਰਾਨ ਪੁਲਿਸ ਵੱਲੋਂ ਪਟਿਆਲ ਗਰੁੱਪ ਦੇ ਤਿੰਨ ਗੈਂਗਸਟਰ ਕਾਬੂ ਕੀਤੇ ਜਾਣ ਦਾ ਪਤਾ ਲੱਗਾ ਹੈ।
ਘਟਨਾ ਮੋਗਾ ਦੇ ਦੌਧਰ ਤੋਂ ਲੋਪੋਂ ਰੋਡ ‘ਤੇ ਇਕ ਪੈਟਰੋਲ ਪੰਪ ਕੋਲ ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਦੋਹਾਂ ਧਿਰਾਂ ‘ਚ ਕਾਫੀ ਫਾਇਰਿੰਗ ਹੋਈ ਤੇ ਪੁਲਿਸ ਦੀਆਂ ਗੱਡੀਆਂ ਵੀ ਭੰਨੀਆਂ ਦੱਸੀਆਂ ਜਾ ਰਹੀਆਂ ਹਨ। ਪੁਲਿਸ ਦੇ ਗੈਂਗਸਟਰਾਂ ਨਾਲ ਹੋਏ ਮੁਕਾਬਲੇ ‘ਚ ਪਟਿਆਲ ਗਰੁੱਪ ਨਾਲ ਸਬੰਧਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਕੋਲੋਂ ਅਸਲਾ ਵੀ ਬਰਾਮਦ ਹੋਇਆ ਹੈ। ਇਸ ਸਬੰਧੀ ਪੁਲਿਸ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੀ ਹੈ। ਸੀਆਈਏ ਸਟਾਫ ਮੋਗਾ ਤੇ ਬੱਧਨੀ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਲਾਗਲੇ ਪਿੰਡਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਡੀਐੱਸਪੀ ਹਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹ ਨਾਕਾ ਲਾ ਕੇ ਚੈਕਿੰਗ ਕਰ ਰਹੇ ਸਨ ਤਾਂ ਤਿੰਨ ਲੋਕ ਮੋਟਰਸਾਈਕਲ ‘ਤੇ ਆਏ। ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਪਿੱਛਾ ਕੀਤਾ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਜਵਾਬੀ ਫਾਇਰਿੰਗ ‘ਚ ਤਿੰਨਾਂ ਨੇ ਸਰੰਡਰ ਕਰ ਦਿੱਤਾ। ਤਿੰਨਾਂ ਦੀ ਪਛਾਣ ਸ਼ੰਕਰ ਰਾਜਪੂਤ, ਜਸ਼ਵ ਵਾਸੀ ਮੋਗਾ ਤੇ ਨਵਦੀਪ ਵਾਸੀ ਧਰਮਕੋਟ ਵਜੋਂ ਹੋਈ ਹੈ। ਇਹ ਤਿੰਨੋਂ ਮਨਦੀਪ ਧਾਲੀਵਾਲ ਤੇ ਲੱਕੀ ਪਟਿਆਲ ਵੱਲੋਂ ਚਲਾਏ ਜਾ ਰਹੇ ਬੰਬੀਹਾ ਗੈਂਗ ਗਰੁੱਪ ਦੇ ਮੈਂਬਰ ਹਨ। ਇਕ ਮੁਲਜ਼ਮ ਤੇ ਕੁਝ ਪੁਲਿਸ ਮੁਲਾਜ਼ਮਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।






