ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਰਾਗੀ ਜਥਿਆਂ ਤੇ ਗ੍ਰੰਥੀਆਂ ਦੇ ਫੈਸ਼ਨੇਬਲ ਕੁਰਤਾ-ਪਜਾਮਾ ਤੇ ਜੈਕਟ ਪਾਉਣ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਡਰੈੱਸ ਕੋਡ ਤਹਿਤ ਹੁਣ ਗ੍ਰੰਥੀ ਤੇ ਰਾਗੀ ਡਿਊਟੀ ਦੌਰਾਨ ਫੈਸ਼ਨੇਬਲ ਪਹਿਰਾਵੇ ਨਹੀਂ ਪਾ ਸਕਣਗੇ। ਉਨ੍ਹਾਂ ਨੂੰ ਸਿਰਫ਼ ਸਾਦਾ ਸਫੈਦ ਕੁਰਤਾ-ਪਜਾਮਾ ਤੇ ਕਾਲੀ ਜੈਕੇਟ, ਸਵੈਟਰ ਪਾਉਣ ਦੀ ਹੀ ਛੋਟ ਦਿੱਤੀ ਗਈ ਹੈ। ਇਹ ਫ਼ੈਸਲਾ ਸ਼ੁੱਕਰਵਾਰ ਨੂੰ ਇੱਥੇ ਹੋਈ ਐੱਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਦੀ ਬੈਠਕ ’ਚ ਲਿਆ ਗਿਆ। ਇਸ ਦੌਰਾਨ ਕਈ ਹੋਰ ਅਹਿਮ ਫ਼ੈਸਲੇ ਵੀ ਲਏ ਗਏ।
ਬੈਠਕ ਤੋਂ ਬਾਅਦ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਕਸਰ ਦੇਖਿਆ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ’ਚ ਗੁਰਦੁਆਰਾ ਸਾਹਿਬਾਨ ’ਚ ਕੀਰਤਨ ਕਰਨ ਵਾਲੇ ਰਾਗੀ ਜਥੇ ਜ਼ਰੀਦਾਰ ਕੁਰਤੇ-ਪਜਾਮੇ, ਜਾਲੀਦਾਰ ਫੈਸ਼ਨੇਬਲ ਜੈਕੇਟ, ਮਾਡਰਨ ਪੈਂਟ ਟਾਈਪ ਵੱਖ-ਵੱਖ ਰੰਗਾਂ ਦੇ ਪਜਾਮੇ ਪਾ ਕੇ ਕੀਰਤਨ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਵਜ਼ੀਰਾਂ (ਗ੍ਰੰਥੀਆਂ ਤਾ ਰਾਗੀ ਸਿੰਘਾਂ) ਨੂੰ ਇਸ ਤਰ੍ਹਾਂ ਕਰਨਾ ਸੋਭਾ ਨਹੀਂ ਦਿੰਦਾ। ਮਰਿਆਦਾ ਨੂੰ ਧਿਆਨ ’ਚ ਰੱਖਦੇ ਹੋਏ ਇਹੋ ਜਿਹੇ ਪਹਿਰਾਵੇ ’ਤੇ ਪਾਬੰਦੀ ਲਗਾਈ ਗਈ ਹੈ। ਹੁਣ ਗੁਰਦੁਆਰਿਆਂ, ਡੇਰਿਆਂ ਤੇ ਹੋਰ ਧਾਰਮਿਕ ਸਥਾਨਾਂ ’ਤੇ ਰਾਗੀ ਸਿੰਗ ਤੇ ਗ੍ਰੰਥੀ ਇਹੋ ਜਿਹੀ ਪੁਸ਼ਾਕ ਨਹੀਂ ਪਹਿਣ ਸਕਣਗੇ।






