ਥਾਣਾ 4 ਅਧੀਨ ਪੈਂਦੇ ਰੈਣਕ ਬਾਜ਼ਾਰ ’ਚ ਲੱਗੇ ਸੰਡੇ ਬਾਜ਼ਾਰ ’ਚ ਐਤਵਾਰ ਨੂੰ ਚੋਰ ਸਰਗਰਮ ਸਨ। ਮਕਸੂਦਾਂ ਤੋਂ ਸੰਡੇ ਬਾਜ਼ਾਰ ’ਚ ਖਰੀਦਦਾਰੀ ਕਰਨ ਆਈਆਂ ਤਿੰਨ ਔਰਤਾਂ ਦਾ ਪਰਸ ਚੋਰ ਲੈ ਗਏ। ਪੀੜਤਾਂ ਦੀ ਸ਼ਕਿਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਕਸੂਦਾਂ ਦੀ ਰਹਿਣ ਵਾਲੀ ਰਣਜੀਤ ਕੌਰ ਨੇ ਦੱਸਿਆ ਕਿ ਉਹ ਆਪਣੀਆਂ ਦੋ ਸਹੇਲੀਆਂ ਨਾਲ ਸੰਡੇ ਬਾਜ਼ਾਰ ’ਚ ਖਰੀਦਦਾਰੀ ਕਰਨ ਆਈ ਸੀ। ਖਰੀਦਦਾਰੀ ਕਰਨ ਤੋਂ ਬਾਅਦ ਘਰ ਪਰਤਣ ਤੋਂ ਪਹਿਲਾਂ ਉਹ ਟਿੱਕੀਆਂ ਵਾਲਾ ਚੌਕ ’ਤੇ ਖੜ੍ਹ ਕੇ ਖਾਣਾ ਖਾ ਰਹੀ ਸੀ ਤਾਂ ਉਸ ਦੀ ਸਹੇਲੀ ਪਰਮਜੀਤ ਕੌਰ ਨੇ ਪੈਸੇ ਦੇਣ ਲਈ ਲਿਫਾਫਾ ਫੜਾ ਦਿੱਤਾ ਪਰ ਉਸ ’ਚ ਪਰਸ ਨਹੀਂ ਸੀ।
ਪੀੜਤ ਨੇ ਦੱਸਿਆ ਕਿ ਪਰਸ ’ਚ ਨੌਂ ਹਜ਼ਾਰ ਰੁਪਏ ਨਕਦ ਤੇ ਜ਼ਰੂਰੀ ਦਸਤਾਵੇਜ਼ ਸਨ, ਜੋ ਚੋਰਾਂ ਨੇ ਚੋਰੀ ਕਰ ਲਿਆ। ਚੋਰੀ ਤੋਂ ਬਾਅਦ ਉਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਕਈ ਥਾਵਾਂ ’ਤੇ ਲੱਗੇ ਕੈਮਰਿਆਂ ਦੀ ਖੁਦ ਜਾਂਚ ਕੀਤੀ ਤਾਂ ਜੋ ਚੋਰਾਂ ਦਾ ਪਤਾ ਲਗਾਇਆ ਜਾ ਸਕੇ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ, ਜਿਸ ਤੋਂ ਬਾਅਦ ਉਸ ਨੇ ਥਾਣਾ 4 ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਥਾਣਾ 4 ਦੇ ਜਾਂਚ ਅਧਿਕਾਰੀ ਪੇ੍ਰਮ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੇ ਘਟਨਾ ਸਥਾਨ ਦੇ ਆਲੇ-ਦੁਆਲੇ ਕਈ ਸੀਸੀਟੀਵੀ ਕੈਮਰੇ ਚੈੱਕ ਕੀਤੇ ਹਨ ਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।
ਪੀੜਤ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦਾ ਵਿਆਹ ਸੀ ਉਹ ਸਾਮਾਨ ਖਰੀਦਣ ਲਈ ਆਪਣੀ ਸਹੇਲੀਆਂ ਨੂੰ ਨਾਲ ਲੈ ਕੇ ਸੰਡੇ ਮਾਰਕਿਟ ਵਿਚ ਆਈ ਸੀ ਪਰ ਚੋਰਾਂ ਨੇ ਉਨ੍ਹਾਂ ਦਾ ਪਰਸ ਕੱਢ ਲਿਆ, ਜਿਸ ਕਾਰਨ ਖਰੀਦਦਾਰੀ ਵੀ ਨਹੀਂ ਹੋਈ ਤੇ ਉਲਟਾ ਪੈਸਿਆਂ ਦਾ ਵੀ ਨੁਕਸਾਨ ਹੋਇਆ। ਪੀੜਤਾਂ ਨੇ ਚੋਰਾਂ ਨੂੰ ਫੜਣ ਲਈ ਅਪੀਲ ਕੀਤੀ ਹੈ।
ਦੋਸਤ ਦੇ ਵਿਆਹ ਲਈ ਬੂਟ ਖਰੀਦਣ ਆਏ ਨੌਜਵਾਨ ਦਾ ਪਰਸ ਨਿਕਲਿਆ
ਸੰਡੇ ਮਾਰਕੀਟ ਵਿਚ ਦੋਸਤ ਦੇ ਵਿਆਹ ਲਈ ਬੂਟ ਖਰੀਦਣ ਆਏ ਨੌਜਵਾਨ ਦਾ ਚੋਰਾਂ ਨੇ ਪਰਸ ਕੱਢ ਲਿਆ। ਕਿਸ਼ਨਪੁਰਾ ਦੇ ਰਹਿਣ ਵਾਲੇ ਨਿਸ਼ੂ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਵਿਆਹ ਲਈ ਬੂਟ ਖਰੀਦਣ ਲਈ ਸੰਡੇ ਮਾਰਕੀਟ ਵਿਚ ਲੱਗਣ ਵਾਲੀ ਸੇਲ ਵਿਚ ਆਇਆ ਹੋਇਆ ਸੀ। ਬੂਟ ਖਰੀਦਣ ਦੇ ਪੈਸੇ ਦੇਣ ਲਈ ਜੇਬ ਵਿਚ ਹੱਥ ਪਾਇਆ ਤਾਂ ਉਸ ਦਾ ਪਰਸ ਨਹੀਂ ਸੀ। ਪੀੜਤ ਨੇ ਦੱਸਿਆ ਕਿ ਉਸ ਦੇ ਪਰਸ ਵਿਚ 11 ਸੌ ਰੁਪਏ ਸਨ, ਜਿਹੜੇ ਚੋਰਾਂ ਨੇ ਕੱਢ ਲਏ। ਨਿਸ਼ੂ ਨੇ ਦੱਸਿਆ ਕਿ ਚੋਰਾਂ ਦੀ ਇਸ ਵਾਰਦਾਤ ਕਾਰਨ ਉਸ ਨੂੰ ਬਿਨਾਂ ਬੂਟ ਲਏ ਹੀ ਘਰ ਵਾਪਸ ਜਾਣਾ ਪਿਆ। ਪੈਸੇ ਘੱਟ ਹੋਣ ਕਾਰਨ ਉਸ ਨੇ ਪੁਲਿਸ ਨੂੰ ਸ਼ਿਕਾਇਤ ਵੀ ਨਹੀਂ ਦਿੱਤੀ।






