ਸੂਬੇ ‘ਚ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੰਜਾਬ ਪੁਲਿਸ ਲਗਾਤਾਰ ਉਪਰਾਲੇ ਕਰ ਰਹੀl ਇਸੇ ਲੜੀ ਦੇ ਚਲਦਿਆਂ ਸੋਮਵਾਰ ਨੂੰ ਲੁਧਿਆਣਾ ‘ਚ ਏਡੀਜੀਪੀ ਅਨੀਤਾ ਪੁੰਜ ਦੀ ਅਗਵਾਈ ਹੇਠ ਸਰਚ ਅਭਿਆਨ ਸ਼ੁਰੂ ਕੀਤਾ ਗਿਆ l ਏਡੀਜੀਪੀ ਅਨੀਤਾ ਪੁੰਜ ਤੇ ਲੁਧਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਸੈਂਕੜੇ ਪੁਲਿਸ ਮੁਲਾਜ਼ਮ ਸੋਮਵਾਰ ਸਵੇਰੇ ਤਾਜਪੁਰ ਰੋਡ ‘ਤੇ ਪਹੁੰਚੇl ਪੁਲਿਸ ਨੇ ਸੜਕ ਤੋਂ ਗੁਜ਼ਰ ਰਹੇ ਵਾਹਨਾਂ ਦੀ ਤਲਾਸ਼ੀ ਲਈ ਤੇ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ l ਏਡੀਜੀਪੀ ਅਨੀਤਾ ਪੁੰਜ ਨੇ ਆਖਿਆ ਪੰਜਾਬ ‘ਚ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾl ਨਸ਼ਾ ਤਸਕਰਾਂ ਖਿਲਾਫ ਸਖ਼ਤੀ ਨਾਲ ਐਕਸ਼ਨ ਲੈ ਕੇ ਉਨ੍ਹਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਜਾਵੇਗੀl
ਤਾਜਪੁਰ ਰੋਡ ਅਤੇ ਇਸ ਦੇ ਨਾਲ ਲੱਗਦੇ ਹੋਰ ਇਲਾਕਿਆਂ ‘ਚ ਈਡੀਜੀਪੀ ਦੀ ਅਗਵਾਈ ‘ਚ ਲਗਾਤਾਰ ਤਲਾਸ਼ੀ ਮੁਹਿੰਮ ਜਾਰੀ ਹੈ। ਇਸੇ ਤਰ੍ਹਾਂ ਸੋਮਵਾਰ ਸਵੇਰੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਰੁਪਿੰਦਰ ਕੌਰ ਸਰਾਂ ਪੁਲਿਸ ਅਧਿਕਾਰੀਆਂ ਤੇ ਦਰਜਨਾਂ ਮੁਲਾਜ਼ਮਾਂ ਨਾਲ ਘੰਟਾ ਘਰ ਚੌਕ ਪਹੁੰਚੇ l ਪੁਲਿਸ ਪਾਰਟੀ ਨੇ ਚੌੜਾ ਬਾਜ਼ਾਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸਰਚ ਕੀਤੀ l ਇਸੇ ਤਰ੍ਹਾਂ ਪੁਲਿਸ ਪਾਰਟੀ ਸਲੇਮ ਟਾਬਰੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਪਹੁੰਚੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ l ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਅਪਰਾਧੀਆਂ ਦੇ ਮਨਾਂ ਵਿੱਚ ਦਹਿਸ਼ਤ ਅਤੇ ਆਮ ਜਨਤਾ ਦੇ ਦਿਲ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਪੁਲਿਸ ਦਾ ਮੁੱਖ ਕੰਮ ਹੈ l ਸੋਮਵਾਰ ਨੂੰ ਸ਼ੁਰੂ ਕੀਤਾ ਗਿਆ ਇਹ ਸਰਚ ਆਪਰੇਸ਼ਨ ਦੇਰ ਸ਼ਾਮ ਤੱਕ ਜਾਰੀ ਰਹੇਗਾ l






