ਪ੍ਰੇਮ ਸਬੰਧਾਂ ਦੇ ਚਲਦਿਆਂ ਇਕ ਔਰਤ ਨੇ ਆਪਣੇ ਸਾਥੀ ਨਾਲ ਮਿਲ ਕੇ ਰਾਹ ’ਚ ਰੋੜਾ ਬਣ ਰਹੇ ਰਿਸ਼ਤੇ ‘ਚ ਜੀਜਾ ਲਗਦੇ ਵਿਅਕਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਲਾਸ਼ ਮੁਕਤਸਰ-ਜਲਾਲਬਾਦ ਰੋਡ ’ਤੇ ਪਿੰਡ ਵਧਾਈ ਨੂੰ ਜਾਂਦੀ ਲਿੰਕ ਰੋਡ ’ਤੇ ਸਰੋਂ ਦੇ ਖੇਤ ’ਚੋਂ ਮਿਲੀ ਹੈ। ਮੁਕਤਸਰ ਪੁਲਿਸ ਨੇ 24 ਘੰਟਿਆਂ ’ਚ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸਲਝਾਉਂਦਿਆਂ ਔਰਤ ਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਿਸ ਮੁੱਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਡੀਐਸਪੀ ਸਤਨਾਮ ਸਿੰਘ ਸਬ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਤੇ ਡੀਐਸਪੀ ਸੰਜੀਵ ਗੋੋਇਲ (ਐਨਡੀਪੀਐਸ) ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀਆਈਏ ਤੇ ਐਸਆਈ ਵਰੂਨ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਤੇ ਪੁਲਿਸ ਪਾਰਟੀ ਵੱਲੋਂ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ 01 ਔਰਤ ਤੇ 01 ਵਿਅਕਤੀ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ 08 ਜਨਵਰੀ 2024 ਨੂੰ ਜਾਲਾਲਾਬਾਦ ਰੋਡ ਦੇ ਨਜ਼ਦੀਕ ਲਿੰਕ ਰੋਡ ’ਤੇ ਖੇਤਾਂ ’ਚ ਇਕ ਵਿਅਕਤੀ ਦੀ ਲਾਸ਼ ਮਿਲੀ ਸੀ ਜਿਸ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੀਆਂ ਸੱਟਾਂ ਦੇ ਨਿਸ਼ਾਨ ਸਨ। ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਸ਼ਨਾਖਤ ਕਰਵਾਈ ਗਈ ਜਿਸਦੀ ਪਛਾਣ ਸੋਹਣ ਸਿੰਘ ਪੁੱਤਰ ਕਿੱਕਰ ਸਿੰਘ ਵਾਸੀ ਲੱਧੂਆਣਾ (ਫਾਜ਼ਿਲਕਾ) ਵਜੋਂ ਹੋਈ।
ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਪੁਲਿਸ ਵੱਲੋਂ ਮੁੱਕਦਮਾ 03 ਮਿਤੀ 08.01.2024 ਅ/ਧ 302,34 ਹਿੰ:ਦੰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਅਣਪਛਾਤੇ ਵਿਅਕਤੀਆਂ ’ਤੇ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ। ਦੌਰਾਨੇ ਤਫਤੀਸ਼ ਪੁਲਿਸ ਵੱਲੋਂ ਅਧੁਨਿਕ ਤਰੀਕਿਆਂ ਨਾਲ ਮੁਕੱਦਮੇ ਦੇ ਦੋਸ਼ੀਆਂ ਨੂੰ ਟਰੇਸ ਕਰ ਮੁਲਜ਼ਮ ਬੇਅੰਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਸੋਹਣੇ ਵਾਲਾ ਤੇ ਸੁਖਵਿੰਦਰ ਕੌਰ ਪਤਨੀ ਬਲਬੀਰ ਸਿੰਘ ਵਾਸੀ ਬਸਤੀ ਬੋਰੀਆਵਾਲੀ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਵਜ਼ਾ ਰੰਜਿਸ਼ ਇਹ ਦੱਸਿਆ ਕਿ ਮ੍ਰਿਤਕ ਸੋਹਣ ਸਿੰਘ ਮੁਲਜ਼ਮ ਸੁਖਵਿੰਦਰ ਕੌਰ ਦੇ ਰਿਸ਼ਤੇ ‘ਚੋਂ ਹੈ। ਮ੍ਰਿਤਕ ਸੋਹਣ ਸਿੰਘ ਜੋ ਸੁਖਵਿੰਦਰ ਕੌਰ ਨੂੰ ਉਸਦੇ ਪ੍ਰੇਮੀ ਸਾਥੀ ਬੇਅੰਤ ਸਿੰਘ ਨੂੰ ਮਿਲਣ ਤੋਂ ਰੋਕਦਾ ਸੀ। ਇਸ ਲਈ ਬੇਅੰਤ ਸਿੰਘ ਤੇ ਸੁਖਵਿੰਦਰ ਕੌਰ ਨੇ ਆਪਣੇ ਰਾਹ ਦਾ ਰੋੜਾ ਸਮਝਦਿਆ ਸੋਹਣ ਸਿੰਘ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਦੋਵਾਂ ਖਿਲਾਫ਼ ਮੁਕੱਦਮਾ ਦਰਜ਼ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਦੀ ਮਾਮੀ ਗੁਰਮੀਤ ਕੌਰ ਆਪਣੀ ਬੇਟੀ ਸੁਖਵਿੰਦਰ ਕੌਰ ਕੋਲ ਮੁਕਤਸਰ ਦੇ ਪਿੰਡ ਚੱਕ ਬਧਾਈ ਬੋਰੀਆਂ ਵਾਲੀ ਬਸਤੀ ਰਹਿੰਦੀ ਹੈ। ਮਾਮਲੀ ਦੀ ਬੇਟੀ ਸੁਖਵਿੰਦਰ ਕੌਰ ਰਿਸ਼ਤੇ ‘ਚ ਪਤੀ ਦੀ ਸਾਲੇਹਾਰ ਵੀ ਲਗਦੀ ਹੈ। ਮਾਮੀ ਅਕਸਰ ਬਿਮਾਰ ਰਹਿੰਦੀ ਹੈ। ਪਤੀ ਐਤਵਾਰ ਦੀ ਸ਼ਾਮ ਸੱਤ ਵਜੇ ਮਾਮੀ ਦਾ ਹਾਲ ਜਾਣਨ ਲਈ ਪਿੰਡ ਚੱਕ ਬਧਾਈ ‘ਚ ਆਪਣੇ ਸਾਈਕਲ ‘ਤੇ ਗਿਆ ਪਰ ਦੇਰ ਰਾਤ ਤਕ ਘਰ ਨਹੀਂ ਪਰਤਿਆ। ਜਦਕਿ ਮਾਮੀ ਦੇ ਘਰੋੰ ਉਹ ਜਲਦੀ ਨਿਕਲ ਗਿਆ ਸੀ। ਜਦੋਂ ਪਤੀ ਦੀ ਕੋਈ ਖਬਰ ਨਹੀਂ ਮਿਲੀ ਤਾਂ ਉਹ ਆਪਣੇ ਨੂੰਹ-ਪੁੱਤਰ ਨਾਲ ਪਹਿਲਾਂ ਸਾਰੀ ਰਾਤ ਲੱਭਦੀ ਰਹੀ, ਫਿਰ ਉਹ ਸੋਮਵਾਰ ਸਵੇਰੇ ਜਦੋਂ ਮੁਕਤਸਰ ਦੇ ਜਲਾਲਾਬਾਦ ਰੋਡ ਤੋਂ ਲੰਘੇ ਤਾਂ ਉਨ੍ਹਾਂ ਨੂੰ ਖੇਤਾਂ ‘ਚ ਪਈ ਲਾਸ਼ ਮਿਲੀ। ਕੋਲ ਜਾ ਕੇ ਦੇਖਿਆ ਤਾੰ ਉਸ ਦੇ ਪਤੀ ਦੀ ਲਾਸ਼ ਸੀ ਜਿਸ ਦੇ ਸਿਰ ‘ਤੇ ਡੂੰਘੀਆਂ ਸੱਟਾਂ ਸਨ।






