ਝੋਨੇ ਦੀ ਪਰਾਲੀ ਸਾੜੇ ਬਿਨਾਂ ਹੈਪੀ ਸੀਡਰ ਨਾਲ ਬੀਜੀ ਗਈ ਕਣਕ ਦੀ ਫਸਲ ਉੱਪਰ ਸੁੰਦੀ ਦਾ ਕਹਿਰ ਲਗਾਤਾਰ ਜਾਰੀ ਹੈ। ਜ਼ਿਲ੍ਹੇ ਅੰਦਰ ਸੁੰਡੀ ਤੋਂ ਪ੍ਰਭਾਵਿਤ ਫਸਲ ਨੂੰ ਕਿਸਾਨ ਲਗਾਤਾਰ ਬਾਹਰ ਰਹੇ ਹਨ। ਹੈਪੀ ਸੀਡਰ ਨਾਲ ਬੀਜੀ ਗਈ ਕਣਕ ਦੇ ਤਣੇ ’ਚ ਸੁੰਡੀ ਦਾ ਜ਼ਿਆਦਾਤਰ ਹਮਲਾ ਤਲਵੰਡੀ ਸਾਬੋ ਅਤੇ ਸੰਗਤ ਖੇਤਰ ਵਿਚ ਵੇਖਣ ਲਈ ਆਇਆ ਹੈ। ਸੁੰਡੀ ਦੇ ਹਮਲੇ ਕਾਰਨ ਕਿਸਾਨਾਂ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਕੁਦਰਤੀ ਕਰੋਪੀ ਕਾਰਨ ਉਹਨਾਂ ਦਾ ਨੁਕਸਾਨ ਹੋ ਚੁੱਕਾ ਹੈ, ਜਿਸ ਕਾਰਨ ਕਿਸਾਨ ਕਰਜ਼ੇ ਦੇ ਜਾਲ ਵਿਚ ਫਸ ਚੁੱਕੇ ਹਨ। ਹੁਣ ਕਣਕ ਦੀ ਖੜੀ ਫਸਲ ਨੂੰ ਸੁੰਡੀ ਬਰਬਾਦ ਕਰ ਰਹੀ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਪਰਾਲੀ ਨੂੰ ਅੱਗ ਲਾਉਣ ਤੋਂ ਰੋਕ ਰਿਹਾ ਸੀ ਅਤੇ ਸਾਰਾ ਖੇਤੀਬਾੜੀ ਵਿਭਾਗ ਫੀਲਡ ਵਿਚ ਉਤਰਿਆ ਹੋਇਆ ਸੀ ਪਰ ਹੁਣ ਜਦੋਂ ਕਿਸਾਨਾਂ ਨੂੰ ਬਿਪਤਾ ਪਈ ਹੈ ਤਾਂ ਕੋਈ ਵੀ ਖੇਤੀਬਾੜੀ ਅਧਿਕਾਰੀ ਉਨ੍ਹਾਂ ਤਕ ਪਹੁੰਚ ਨਹੀਂ ਕਰ ਰਿਹਾ। ਤਲਵੰਡੀ ਸਾਬੋ ਨੇੜਲੇ ਪਿੰਡ ਮਲਕਾਣਾ ’ਚ ਇਕ ਕਿਸਾਨ ਵੱਲੋਂ ਤਿੰਨ ਏਕੜ ਕਣਕ ਦੀ ਫਸਲ ਵਾਹੇ ਜਾਣ ਦਾ ਪਤਾ ਵੀ ਲੱਗਾ ਹੈ। ਜਦੋਂ ਕਿ ਹੁਣ ਪਿੰਡ ਤਿਓਣਾ ਦੇ ਕਿਸਾਨ ਦੀ ਪੰਜ ਏਕੜ ਵਿਚ ਹੈਪੀ ਸੀਡਰ ਨਾਲ ਬੀਜੀ ਕਣਕ ਦੀ ਫਸਲ ਉੱਪਰ ਸੁੰਡੀ ਦਾ ਕਹਿਰ ਹੈ, ਜਿਸ ਕਾਰਨ ਕਿਸਾਨ ਨੇ ਤਿੰਨ ਏਕੜ ਕਣਕ ਦੀ ਫਸਲ ਵਾਹ ਦਿੱਤਾ। ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਕਿ ਉਕਤ ਕਿਸਾਨ ਨੇ ਖੇਤੀਬਾੜੀ ਅਧਿਕਾਰੀਆਂ ਤੇ ਸਰਕਾਰ ਦੇ ਆਦੇਸ਼ਾਂ ’ਤੇ ਬਿਨਾਂ ਪਰਾਲੀ ਸਾੜੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀ, ਪਰ ਹੁਣ ਕਣਕ ਦੀ ਫ਼ਸਲ ਉੱਪਰ ਸੁੰਡੀ ਦਾ ਹਮਲਾ ਹੋ ਗਿਆ ਹੈ। ਕਿਸਾਨ ਨੇ ਦੱਸਿਆ ਕਿ ਸੁੰਡੀ ਲਗਾਤਾਰ ਕਣਕ ਦੀ ਉੱਘ ਰਹੀ ਫਸਲ ਨੂੰ ਖਾ ਰਹੀ ਹੈ, ਜਿਸ ਕਾਰਨ ਕਣਕ ਦੀ ਫਸਲ ਤਬਾਹ ਹੋਣੀ ਸ਼ੁਰੂ ਹੋ ਗਈ ਹੈ। ਝੁੰਬਾ ਨੇ ਕਿਹਾ ਕਿ ਸੁੰਡੀ ਕਾਰਨ ਸੈਂਕੜੇ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਲਾਲੇਆਣਾ ਪਿੰਡ ਵਿਚ ਵੀ ਕਿਸਾਨ ਲਈ ਤਿੰਨ ਏਕੜ ਫਸਲ ਸੁੰਡੀ ਨੇ ਤਬਾਹ ਕਰ ਦਿੱਤੀ ਹੈ ਜਿਸ ਕਾਰਨ ਕਿਸਾਨ ਨੂੰ ਆਪਣੀ ਕਣਕ ਦੀ ਫਸਲ ਵਾਹੁਣ ਲਈ ਮਜਬੂਰ ਹੋਣਾ ਪਿਆ।
ਪਿੰਡ ਜੱਜਲ ਦੇ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਕਣਕ ਬਹੁਤ ਵਧੀਆ ਉੱਗੀ ਸੀ, ਪਰ ਹੁਣ ਕਣਕ ਦੀ ਫਸਲ ਪੀਲੀ ਪੈਣੀ ਸ਼ੁਰੂ ਹੋ ਗਈ, ਜਦੋਂ ਉਨ੍ਹਾਂ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਸੁਪਰ ਸੀਡਰ ਨਾਲ ਕੁਤਰੀ ਗਈ ਪਰਾਲੀ ਵਿਚ ਸੁੰਡੀ ਪੈਦਾ ਹੋ ਗਈ ਹੈ। ਪੀੜਤ ਕਿਸਾਨ ਨੇ ਦੱਸਿਆ ਕਿ ਅਜੇ ਤਕ ਖੇਤੀਬਾੜੀ ਵਿਭਾਗ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਕੋਲ ਨਹੀਂ ਪੁੱਜਾ। ਕਿਸਾਨ ਸੁਖਦੇਵ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਖੇਤ ਦੇ ਨਾਲ ਹੀ ਹੋਰਨਾਂ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਕਣਕ ਦੀ ਬਿਜਾਈ ਕੀਤੀ ਗਈ ਸੀ ਪਰ ਉਹ ਕਣਕ ਬਹੁਤ ਵਧੀਆ ਖੜ੍ਹੀ ਹੈ। ਪਰ ਉਨ੍ਹਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੁਪਰ ਸੀਡਰ ਨਾਲ 2500 ਰੁਪਏ ਪ੍ਰਤੀ ਏਕੜ ਕਿਰਾਇਆ ਦੇ ਕੇ ਕਣਕ ਦੀ ਬਿਜਾਈ ਕਰਵਾਈ ਸੀ ਪਰ ਹੁਣ ਤਿੰਨ ਏਕੜ ਫਸਲ ਸੁੰਡੀ ਨੇ ਬਰਬਾਦ ਕਰ ਦਿੱਤੀ ਹੈ। ਦੁਖੀ ਹੋਏ ਕਿਸਾਨ ਦਾ ਕਹਿਣਾ ਸੀ ਕਿ ਉਹ ਅਗਲੀ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਹੀ ਕਣਕ ਦੀ ਬਿਜਾਈ ਕਰਨਗੇ।
ਕਿਸਾਨਾਂ ਦਾ ਕਹਿਣਾ ਸੀ ਕਿ 10 ਦਿਨ ਪਹਿਲਾਂ ਮਲਕਾਣਾ ਪਿੰਡ ਕਿਸਾਨ ਵੱਲੋਂ ਫਸਲ ਵਾਹੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਖੇਤੀਬਾੜੀ ਵਿਭਾਗ ਦੇ ਕੰਨ ’ਤੇ ਜੂੰ ਨਹੀਂ ਸਰਕੀ। ਕਿਸਾਨ ਦਾ ਕਹਿਣਾ ਸੀ ਕਿ ਹੁਣ ਉਹ ਕਣਕ ਦੀ ਫਸਲ ਨੂੰ ਵਾਹ ਕੇ ਬਿਜਾਈ ਵੀ ਨਹੀਂ ਕਰ ਸਕਦੇ ਕਿਉਂਕਿ ਕਣਕ ਦੀ ਬਿਜਾਈ ਦਾ ਸਮਾਂ ਲੰਘ ਚੁੱਕਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਖਰਾਬ ਹੋਈ ਫਸਲ ਦਾ ਤੁਰੰਤ ਮੁਆਵਜ਼ਾ।
ਕਿਸਾਨਾਂ ਨੂੰ ਡਰਨ ਦੀ ਲੋੜ ਨਹੀਂ, ਦਵਾਈ ਦਾ ਕਰਨ ਛਿੜਕਾਅ
ਦੂਜੇ ਪਾਸੇ ਮੁੱਖ ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਈ ਵਾਰ ਝੋਨੇ ਦੀ ਪਰਾਲੀ ਵਿਚ ਸੁੰਡੀ ਦਾ ਲਾਰਵਾ ਜਾਂ ਆਂਡੇ ਰਹਿ ਜਾਂਦੇ ਹਨ, ਜਿਸ ਤੋਂ ਸੁੰਡੀ ਪੈਦਾ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਡਰਨ ਦੀ ਲੋੜ ਨਹੀਂ ਹੈ, ਉਹ ਕਲੈਰੋਪੈਰੀਫਾਸ ਕੀੜੇਮਾਰ ਦਵਾਈ ਨੂੰ ਰੇਤੇ ਵਿਚ ਰਲਾ ਕੇ ਉਸ ਦਾ ਛਿੱਟਾ ਦੇਣ ਅਤੇ ਉੱਪਰ ਤੋਂ ਪਾਣੀ ਲਗਾ ਦੇਣ, ਜਿਸ ਨਾਲ ਸਾਰੀ ਸੁੰਡੀ ਮਰ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਕਲੈਰੋਪੈਰੀਫਾਸ ਕੀੜੇਮਾਰ ਦਵਾਈ ਦਾ ਕਣਕ ਦੀ ਫਸਲ ’ਤੇ ਛਿੜਕਾ ਵੀ ਕੀਤਾ ਜਾ ਸਕਦਾ ਹੈ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਖੇਤੀਬਾੜੀ ਮਹਿਰਾਂ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਹੈ ਜਿਸ ਵਿਚ ਬਲਾਕ ਅਫਸਰ ਅਤੇ ਦੋ ਏਡੀਓ ਸ਼ਾਮਲ ਹੋਣਗੇ। ਜਿੱਥੇ ਵੀ ਕਣਕ ਉੱਪਰ ਸੁੰਡੀ ਦੇ ਹਮਲੇ ਦਾ ਪਤਾ ਲੱਗੇਗਾ ਤਾਂ ਉਹ ਪਹੁੰਚ ਕੇ ਕਿਸਾਨਾਂ ਦੀ ਹਰ ਸੰਭਵ ਮਦਦ ਕਰਨਗੇ।






