ਲੰਘੀ ਰਾਤ ਸਥਾਨਕ ਅੱਡਾ ਝਬਾਲ-ਅਟਾਰੀ ਰੋਡ ‘ਤੇ ਇਕ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਦੀ ਕੀਮਤ ਦਾ ਸੋਨਾ ਤੇ ਚਾਂਦੀ ਚੋਰੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੋੜਾ ਜਿਊਲਰਜ਼ ਦੇ ਮਾਲਕ ਇਕਬਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਦਾ ਕੈਂਚੀ ਗੇਟ ‘ਤੇ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ। ਜਦੋਂ ਉਨ੍ਹਾਂ ਆ ਕੇ ਸਵੇਰੇ ਦੇਖਿਆ ਤਾਂ ਅੰਦਰੋਂ ਲਗਪਗ 35 ਗ੍ਰਾਮ ਸੋਨਾ, ਜਿਸਦਾ ਮੁੱਲ 2 ਲੱਖ ਦੇ ਕਰੀਬ ਹੈ ਅਤੇ ਇਕ ਕਿਲੋ ਦੇ ਕਰੀਬ ਚਾਂਦੀ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਅਤੇ ਹੋਰ ਸਾਮਾਨ ਚੋਰੀ ਹੋ ਚੁੱਕਾ ਸੀ, ਜਦਕਿ ਦੁਕਾਨ ‘ਚ ਲੱਗੇ ਕੈਮਰਿਆਂ ਨੂੰ ਵੀ ਚੋਰ ਤੋੜ ਗਏ ਸਨ।
ਇਸ ਸਬੰਧੀ ਉਨ੍ਹਾਂ ਥਾਣਾ ਝਬਾਲ ਵਿਖੇ ਸੂਚਨਾ ਦੇ ਦਿੱਤੀ ਹੈ ਤੇ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਵਾਰ ਦੁਕਾਨਾਂ ‘ਚ ਚੋਰੀਆਂ ਹੋਈਆਂ ਸਨ ਪਰ ਨਾ ਤਾਂ ਕੋਈ ਪੁਲਿਸ ਕੇਸ ਦਰਜ ਕੀਤਾ ਗਿਆ ਤੇ ਨਾ ਹੀ ਕਿਸੇ ਚੋਰ ਨੂੰ ਅੱਜ ਤੱਕ ਗਿ੍ਫ਼ਤਾਰ ਕੀਤਾ ਗਿਆ। ਸਮੂਹ ਦੁਕਾਨਦਾਰਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨਿੱਤ ਦਿਨ ਹੋ ਰਹੀਆਂ ਚੋਰੀਆਂ ‘ਤੇ ਕਾਬੂ ਪਾਇਆ ਜਾਵੇ ਤੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕੀਤੀ ਜਾਵੇ।






