ਤਹਿਸੀਲ ਲੋਪੋਕੇ ਤੇ ਅਜਨਾਲਾ ਅੰਮਿ੍ਤਸਰ ਮੁੱਖ ਮਾਰਗ ਨਾਲ ਜੋੜਣ ਵਾਲੀ ਿਲੰਕ ਸੜਕ ਜੋ ਕਿ ਕਰੀਬ ਇਕ ਮਹੀਨਾ ਪਹਿਲਾਂ ਬਣੀ ਸੀ, ਟੁੱਟਣ ਕਾਰਨ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਗਿਆ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ ਹਰਪਾਲ ਸਿੰਘ ਛੀਨਾ ਦੀ ਅਗਵਾਈ ‘ਚ ਇਲਾਕੇ ਦੇ ਲੋਕਾਂ ਵੱਲੋਂ ਸਬੰਧਤ ਠੇਕੇਦਾਰ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ ਹਰਪਾਲ ਸਿੰਘ ਛੀਨਾ ਅਤੇ ਨੌਜਵਾਨ ਆਗੂ ਗੁਰਪ੍ਰਰੀਤ ਸਿੰਘ ਛੀਨਾ ਨੇ ਦੱਸਿਆ ਕਿ ਬੜੀ ਜੱਦੋ-ਜਹਿਦ ਕਰਨ ਉਪਰੰਤ ਤਿੰਨ ਚਾਰ ਸਾਲਾਂ ਬਾਅਦ ਸਾਡੀ ਸੜਕ ਬਣਾਈ ਗਈ ਸੀ, ਪਰ ਠੇਕੇਦਾਰ ਵੱਲੋਂ ਪੂਰਾ ਮਟੀਰੀਅਲ ਨਾ ਪਾਉਣ ਕਾਰਨ ਸੜਕ ਇੱਕ ਮਹੀਨੇ ਵਿਚ ਹੀ ਟੁੱਟ ਗਈ। ਉਕਤ ਆਗੂਆਂ ਨੇ ਦੱਸਿਆ ਕਿ ਸੜਕ ਟੁੱਟਣ ਕਾਰਨ ਇਲਾਕਾ ਵਾਸੀਆਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇਸੇ ਸੜਕ ਰਾਹੀਂ ਕਰੀਬ 25-30 ਪਿੰਡਾਂ ਦੇ ਜੇ ਲੋਕਾਂ ਨੂੰ ਆਪਣੇ ਨਿੱਜੀ ਕੰਮਾਂ ਲਈ ਜਾਣਾ ਪੈਂਦਾ ਹੈ ਅਤੇ ਹਰ ਰੋਜ਼ ਸਕੂਲੀ ਬੱਚਿਆਂ ਦੀਆਂ ਵੈਨਾਂ ਵੀ ਇਸੇ ਰਸਤੇ ਰਾਹੀਂ ਜਾਂਦੀਆਂ ਹਨ, ਜੋ ਕਿ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਠੇਕੇਦਾਰ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਸੜਕ ਤੁਰੰਤ ਰਿਪੇਅਰ ਕਰਵਾਈ ਜਾਵੇ।
ਅਖੀਰ ‘ਚ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਸੰਬੰਧਤ ਠੇਕੇਦਾਰ ਤੇ ਕਾਰਵਾਈ ਨਾ ਕੀਤੀ ਗਈ ਅਤੇ ਸੜਕ ਦੀ ਰਿਪੇਅਰ ਵੱਲ ਧਿਆਨ ਨਾ ਦਿੱਤਾ ਤਾਂ ਅਜਨਾਲਾ ਅੰਮਿ੍ਤਸਰ ਮੁੱਖ ਮਾਰਗ ਰੋਡ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਦ ਸੰਬੰਧਤ ਠੇਕੇਦਾਰ ਨਾਲ ਸੰਪਰਕ ਕੀਤਾ ਤਾਂ ਉਨਾਂ੍ਹ ਕਿਹਾ ਕਿ ਬਰਸਾਤ ਹੋਣ ਕਾਰਨ ਸੜਕ ਟੁੱਟ ਗਈ ਹੈ ਅਤੇ ਉਹ ਜਲਦ ਇਸ ਨੂੰ ਰਿਪੇਅਰ ਕਰਵਾਉਣ ਦਾ ਕੰਮ ਸ਼ੁਰੂ ਕਰ ਦੇਣਗੇ। ਇਸ ਮੌਕੇ ਇਲਾਕਾ ਵਾਸੀ ਵੱਡੀ ਗਿਣਤੀ ‘ਚ ਹਾਜ਼ਰ ਸਨ।






