ਫਾਜ਼ਿਲਕਾ ‘ਚ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਵਾਰਦਾਤ ਫਾਜ਼ਿਲਕਾ ਦੇ ਆਰਿਆ ਨਗਰ ਮੁਹੱਲੇ ‘ਚ ਹੋਈ ਹੈ। ਇਕ ਬੱਚਾ ਟਿਊਸ਼ਨ ਪੜ੍ਹ ਕੇ ਘਰ ਨੂੰ ਜਾਣ ਲੱਗਾ ਤਾਂ ਕੁਝ ਸਹਿਪਾਠੀਆਂ ਵੱਲੋਂ ਉਸ ਉੱਪਰ ਹਮਲਾ ਕਰ ਦਿੱਤਾ ਗਿਆ। ਬੱਚੇ ਨੂੰ ਕੁੱਟ-ਕੁੱਟ ਕੇ ਲਹੂ-ਲੁਹਾਨ ਕਰ ਦਿੱਤਾ ਗਿਆ ਜਿਸ ਨੂੰ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਇਹ ਬੱਚਾ ਫਾਜ਼ਿਲਕਾ ‘ਚ ਸੀਆਈਡੀ ਡਿਪਾਰਟਮੈਂਟ ‘ਚ ਕੰਮ ਕਰਨ ਵਾਲੇ ਜੀਵਨ ਰਾਮ ਸ਼ਰਮਾ ਦਾ ਬੇਟਾ ਹੈ ਜੋ ਕਿ ਪੰਜਾਬ ਪੁਲਿਸ ‘ਚ ਨੌਕਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਕੁੱਟਣ ਵਾਲੇ ਬੱਚਿਆਂ ਦੇ ਮਾਪਿਆਂ ਕੋਲ ਗਏ ਤਾਂ ਉਨ੍ਹਾਂ ਕੋਈ ਗੱਲ ਨਹੀਂ ਸੁਣੀ।
ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਨੌਵੀਂ ਕਲਾਸ ਦੇ ਵਿਦਿਆਰਥੀ ਮਨੀਸ਼ ਨੇ ਦੱਸਿਆ ਕਿ ਉਹ ਆਰਿਆ ਨਗਰ ਮੁਹੱਲੇ ‘ਚ ਗੌਤਮ ਕੋਲ ਟਿਊਸ਼ਨ ਪੜ੍ਹਦਾ ਹੈ ਜਿੱਥੇ ਦੋ ਬੱਚਿਆਂ ਦਾ ਆਪਸੀ ਝਗੜਾ ਹੋ ਗਿਆ ਸੀ। ਉਸਨੇ ਉਨ੍ਹਾਂ ਨੂੰ ਝਗੜਾ ਕਰਨ ਤੋਂ ਰੋਕਿਆ ਸੀ। ਇਸ ਦੌਰਾਨ ਉਸ ਨੂੰ ਵੇਖ ਲੈਣ ਦੀਆਂ ਧਮਕੀਆਂ ਦਿੱਤੀਆਂ ਸਨ। ਜਦ ਅੱਜ ਉਹ ਟਿਉਸ਼ਨ ਪੜ੍ਹ ਕੇ ਵਾਪਸ ਘਰ ਆ ਰਿਹਾ ਸੀ ਤਾਂ ਉਸਦੇ 8-10 ਸਹਿਪਾਠੀਆਂ ਨੇ ਘੇਰ ਕੇ ਕਿਹਾ ਕਿ ਤੂੰ ਗਲਤ ਬੰਦੇ ਨਾਲ ਪੰਗਾ ਲੈ ਲਿਆ ਹੈ ਤੇ ਉਸਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਉਸਦੇ ਸਿਰ ‘ਚ ਵੀ ਸੱਟਾਂ ਮਾਰੀਆਂ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ‘ਚੋਂ ਦੋ ਨੂੰ ਉਹ ਜਾਣਦਾ ਹੈ। ਬੱਚੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਗਿਆ ਕਿ ਮੂੰਹ ‘ਚੋਂ ਬਲੀਡਿੰਗ ਨਹੀਂ ਰੁਕ ਰਹੀ। ਜੇ ਆਸਪਾਸ ਦੇ ਲੋਕ ਉਨ੍ਹਾਂ ਨੂੰ ਨਾ ਛੁਡਾਉਂਦੇ ਤਾਂ ਉਹ ਉਸਦੇ ਬੱਚੇ ਨੂੰ ਜਾਨੋਂ ਵੀ ਮਾਰ ਦਿੰਦੇ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਐਸਐਚਓ ਸਚਿਨ ਕੁਮਾਰ ਨੂੰ ਲਿਖਤ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।






