ਵੇਰਕਾ : ਥਾਣਾ ਵੇਰਕਾ ਦੇ ਮੋਹਨ ਨਗਰ ਇਲਾਕੇ ’ਚ ਹੱਡਾਂਰੋੜੀ (ਜਿੱਥੇ ਮਰੇ ਹੋਏ ਪਸ਼ੂ ਸੁੱਟੇ ਜਾਂਦੇ ਹਨ) ਨੇੜੇ ਕੁੱਤਿਆਂ ਵੱਲੋਂ ਨੋਚ-ਨੋਚ ਕੇ ਮਾਰੇ ਗਏ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਨੌਜਵਾਨ ਦੇ ਚਿਹਰੇ ਤੇ ਧੌਣ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਕੇ ਖਾ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਨਵਤੇਜਪਾਲ ਸਿੰਘ (18) ਪੁੱਤਰ ਰਮੇਸ਼ ਸਿੰਘ ਮੇਸ਼ੀ ਵਾਸੀ ਬੱਗੇਵਾਲੀ ਪੱਤੀ ਵੇਰਕਾ ਵਜੋਂ ਹੋਈ ਹੈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਦੋ ਭੈਣਾਂ ਦਾ ਭਰਾ ਸੀ।
ਜਦੋਂ ਉਸ ਨੇ ਆਪਣੇ ਭਰਾ ਨਾਲ ਜਾ ਕੇ ਲਾਸ਼ ਦੇਖੀ ਤਾਂ ਇਹ ਉਸ ਦੇ ਪੁੱਤਰ ਦੀ ਸੀ। ਉਸਦੀ ਪਛਾਣ ਉਸ ਦੇ ਸੱਜੇ ਗੁੱਟ ’ਤੇ ਬਣੇ ਟੈਟੂ ਦੁਆਰਾ ਕੀਤੀ ਗਈ ਸੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ’ਤੇ ਏਸੀਪੀ ਗੁਰਿੰਦਰਬੀਰ ਸਿੰਘ ਸਿੱਧੂ ਤੇ ਵੇਰਕਾ ਥਾਣਾ ਦੇ ਐੱਸਆਈ ਸਤਨਾਮ ਸਿੰਘ ਮੌਕੇ ’ਤੇ ਪੁੱਜੇ ਅਤੇ ਫੋਰੈਂਸਿਕ ਵਿਭਾਗ ਦੀ ਟੀਮ ਨੂੰ ਬੁਲਾਇਆ। ਪੁਲਿਸ ਨੂੰ ਲਾਸ਼ ਦੇ ਕੋਲ ਕੂੜੇ ਵਿਚ ਸੁੱਟੀ ਹੋਈ ਇਕ ਚਾਦਰ ਵੀ ਮਿਲੀ ਜਿਸ ਵਿਚ ਉਲਟੀ ਕੀਤੀ ਹੋਈ ਸੀ। ਪੁਲਿਸ ਨੇ ਲਾਸ਼ ਦੇ ਨੇੜੇ ਤੋਂ ਮਿਲੇ ਸਬੂਤਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਰਮੇਸ਼ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ। ਕਿਉਂਕਿ ਲਾਸ਼ ਦੇ ਨੇੜੇ ਪੁਲਿਸ ਨੂੰ ਮਿਲੀ ਚਾਦਰ ’ਤੇ ਉਲਟੀਆਂ ਦੇ ਨਿਸ਼ਾਨ ਹਨ। ਉਸ ਦੇ ਬੇਟੇ ਦੇ ਸਰੀਰ ’ਤੇ ਉਲਟੀ ਲੱਗੀ ਸੀ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਸ ਦੇ ਲੜਕੇ ਦਾ ਕਿਤੇ ਹੋਰ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਹੱਡਾਂਰੋੜੀ ਲਿਆ ਕੇ ਉਥੇ ਸੁੱਟ ਦਿੱਤਾ ਗਿਆ ਸੀ। ਰਿਸ਼ਤੇਦਾਰਾਂ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਨਵਤੇਜਪਾਲ ਦੇ ਕਾਤਲਾਂ ਨੂੰ ਨਹੀਂ ਫੜਦੀ, ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ। ਏਸੀਪੀ ਗੁਰਿੰਦਰਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਹੈ ਅਤੇ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ’ਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।







