ਪੰਜਾਬ ’ਚ ਪਿਛਲੇ ਚਾਰ ਦਿਨਾਂ ਤੋਂ ਦਿਨ ਵੇਲੇ ਤੇਜ਼ ਧੁੱਪ ਨਿਕਲ ਰਹੀ ਹੈ। ਜਿਸ ਨਾਲ ਪਿਛਲੇ ਦੋ ਦਿਨਾਂ ਤੋਂ ਦਿਨ ਦਾ ਤਾਪਮਾਨ ਕਈ ਜ਼ਿਲ੍ਹਿਆਂ ’ਚ 25 ਡਿਗਰੀ ਸੈਲਸੀਅਸ ਤੇ ਕਈ ਜ਼ਿਲ੍ਹਿਆਂ ’ਚ 24 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ। ਬੁੱਧਵਾਰ ਨੂੰ ਵੀ ਪੰਜਾਬ ਦੇ ਚੰਡੀਗੜ੍ਹ, ਪਟਿਆਲਾ ਤੇ ਲੁਧਿਆਣਾ ’ਚ ਦਿਨ ਦਾ ਤਾਪਮਾਨ 25 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ। ਜਦਕਿ ਹੋਰ ਜ਼ਿਲ੍ਹਿਆਂ ਵਿਚ 22 ਤੋਂ 24 ਡਿਗਰੀ ਸੈਲਸੀਅਸ ਰਿਹਾ। ਉਥੇ ਅੰਮ੍ਰਿਤਸਰ ’ਚ ਰਾਤ ਦਾ ਤਾਪਮਾਨ 5.5 ਡਿਗਰੀ, ਲੁਧਿਆਣਾ ’ਚ 10.2 ਡਿਗਰੀ, ਚੰਡੀਗੜ੍ਹ ’ਚ 9.4 ਡਿਗਰੀ, ਬਠਿੰਡਾ ਤੇ ਫ਼ਰੀਦਕੋਟ ’ਚ 6.6 ਡਿਗਰੀ, ਪਟਿਆਲਾ ’ਚ 8.5 ਡਿਗਰੀ, ਜਲੰਧਰ ’ਚ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿਨ ਵੇਲੇ ਹੁਣ ਗਰਮੀ ਮਹਿਸੂਸ ਹੋਣ ਲੱਗ ਗਈ ਹੈ। ਗਰਮੀ ਕਾਰਨ ਗਰਮ ਕੱਪੜੇ ਲਾਹੁਣੇ ਪੈ ਰਹੇ ਹਨ। ਹਾਲਾਂਕਿ ਮੌਸਮ ਵਿਭਾਗ ਮੁਤਾਬਕ ਦੋ ਦਿਨ ਬਾਅਦ ਪੰਜਾਬ ’ਚ ਮੌਸਮ ਮੁੜ ਬਦਲੇਗਾ। ਪਹਾੜੀ ਖੇਤਰਾਂ ’ਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ 18 ਤੋਂ 20 ਫਰਵਰੀ ਤੱਕ ਬੱਦਲ ਛਾਏ ਰਹਿਣ, ਬੂੰਦਾਬਾਂਦੀ ਤੇ ਹਲਕੀ ਤੋਂ ਮੱਧਮ ਬਾਰਿਸ਼ ਦੀ ਸੰਭਾਵਨਾ ਹੈ। ਜਿਸ ਕਾਰਨ ਦਿਨ ਵੇਲੇ ਠੰਢ ਵਧ ਸਕਦੀ ਹੈ।






