ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਅਤੇ ਕਿਸਾਨਾਂ ਦੀ ਕਰਜ਼ਾ ਮਾਫ਼ੀ ਸਣੇ ਬਾਕੀ ਮੰਗਾਂ ਸਬੰਧੀ ਚੰਡੀਗੜ੍ਹ ’ਚ ਐਤਵਾਰ ਰਾਤ ਕਿਸਾਨ ਆਗੂਆਂ ਨਾਲ ਹੋਈ ਚੌਥੇ ਗੇੜ ਦੀ ਗੱਲਬਾਤ ’ਚ ਸਰਕਾਰ ਨੇ ਫ਼ਸਲੀ ਵਿਭਿੰਨਤਾ ਨੂੰ ਲੈ ਕੇ ਤਿੰਨ ਫ਼ਸਲਾਂ ਕਪਾਹ, ਦਾਲਾਂ ਅਤੇ ਮੱਕੀ ’ਤੇ ਪੰਜ ਸਾਲ ਤੱਕ ਐੱਮਐੱਸਪੀ ਦੀ ਗਾਰੰਟੀ ਦੇਣ ਦੀ ਤਜਵੀਜ਼ ਰੱਖੀ ਹੈ। ਸਰਕਾਰ ਨੇ ਕਿਹਾ ਕਿ ਨੈਫੇਡ ਤੇ ਹੋਰ ਸਰਕਾਰੀ ਸੰਸਥਾਵਾਂ ਪੰਜ ਸਾਲ ਤੱਕ ਇਹ ਫ਼ਸਲਾਂ ਖ਼ਰੀਦਣਗੀਆਂ।
ਚਾਰ ਘੰਟੇ ਚੱਲੀ ਮੀਟਿੰਗ ਵਿੱਚ ਇਹ ਮੁੱਦੇ ਵੀ ਵਿਚਾਰੇ ਗਏ
ਦਸਿਆ ਜਾ ਰਿਹਾ ਹੈ ਕਿ ਰਾਤ ਸਵਾ ਅੱਠ ਵਜੇ ਤੋਂ ਸ਼ੁਰੂ ਹੋ ਕੇ ਕਰੀਬ ਚਾਰ ਘੰਟਿਆਂ ਤੱਕ ਚੱਲੀ ਬੈਠਕ ’ਚ ਸਰਕਾਰ ਵੱਲੋਂ ਕਿਹਾ ਗਿਆ ਕਿ ਸਰਕਾਰੀ ਬੈਂਕਾਂ ਤੋਂ ਲਏ ਗਏ ਖੇਤੀ ਕਰਜ਼ੇ ਨੂੰ ਮਾਫ਼ ਕੀਤਾ ਜਾ ਸਕਦਾ ਹੈ ਪਰ ਨਿੱਜੀ ਕਰਜ਼ੇ ਕਿਸਾਨਾਂ ਨੂੰ ਖ਼ੁਦ ਚੁਕਾਉਣੇ ਪੈਣਗੇ। ਇਕ ਕਿਸਾਨ ਆਗੂ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦਾ ਮੁੱਦਾ ਵੀ ਚੁੱਕਿਆ। ਗੱਲਬਾਤ ’ਚ ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ, ਕੇਂਦਰੀ ਖੁਰਾਕ ਤੇ ਸਪਲਾਈ ਮੰਤਰੀ ਪੀਯੂਸ਼ ਗੋਇਲ ਤੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਸ਼ਾਮਲ ਸਨ। ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਦੇ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਵੱਲੋਂ ਪੱਖ ਰੱਖਿਆ। ਜਾਣਕਾਰੀ ਮੁਤਾਬਕ, ਕੇਂਦਰੀ ਮੰਤਰੀਆਂ ਨੇ ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ’ਤੇ ਮਰਨ ਵਾਲੇ ਕਿਸਾਨ ਤੇ ਹਰਿਆਣਾ ਪੁਲਿਸ ਦੇ ਜਵਾਨ ਨੂੰ ਸ਼ਰਧਾਂਜਲੀ ਦਿੱਤੀ।
12 ਅਤੇ 15 ਫਰਵਰੀ ਨੂੰ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ
ਜ਼ਿਕਰਯੋਗ ਹੈ ਕਿ 8, 12 ਤੇ 15 ਫਰਵਰੀ ਨੂੰ ਹੋਈਆਂ ਬੈਠਕਾਂ ਬੇਸਿੱਟਾ ਰਹੀਆਂ ਸਨ। ਭਗਵੰਤ ਮਾਨ 15 ਫਰਵਰੀ ਨੂੰ ਹੋਈ ਤੀਜੇ ਦੌਰ ਦੀ ਬੈਠਕ ’ਚ ਵੀ ਸ਼ਾਮਲ ਹੋਏ ਸਨ। ਬੈਠਕ ਤੋਂ ਬਾਅਦ ਪੀਯੂਸ਼ ਗੋਇਲ ਨੇ ਕਿਹਾ ਕਿ ਕਿਸਾਨਾਂ ਨਾਲ ਸਕਾਰਾਤਮਕ ਚਰਚਾ ਹੋਈ। ਉਨ੍ਹਾਂ ਨੇ ਕਿਸਾਨਾਂ ਨੂੰ ਪ੍ਰਦਰਸ਼ਨ ਖ਼ਤਮ ਕਰ ਕੇ ਘਰ ਪਰਤਣ ਦੀ ਅਪੀਲ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਤਾਂ ਪੰਜਾਬ ਦਾ ਮੁੱਖ ਮੰਤਰੀ ਹੋਣ ਕਾਰਨ ਸੂਬੇ ਦੇ ਨੁਮਾਇੰਦੇ ਵਜੋਂ ਬੈਠਕ ’ਚ ਸ਼ਾਮਲ ਹੋਇਆ। ਬੈਠਕ ’ਚ ਫ਼ਸਲੀ ਵਿਭਿੰਨਤਾ ਤਹਿਤ ਤਿੰਨ ਫ਼ਸਲਾਂ ’ਤੇ ਪੰਜ ਸਾਲਾਂ ਤੱਕ ਐੱਮਐੱਸਪੀ ਦੀ ਲਿਖਤੀ ਗਾਰੰਟੀ ਦੇਣ ਦੀ ਤਜਵੀਜ਼ ਰੱਖੀ ਹੈ। ਹੁਣ ਫ਼ੈਸਲਾ ਕਿਸਾਨਾਂ ਨੇ ਲੈਣਾ ਹੈ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰੀ ਮੰਤਰੀਆਂ ਨਾਲ ਸਕਾਰਾਤਮਕ ਗੱਲਬਾਤ ਹੋਈ ਪਰ ਨਤੀਜਾ ਹਾਲੇ ਬਾਕੀ ਹੈ। ਕੇਂਦਰ ਨੇ ਜਿਹੜੀ ਤਜਵੀਜ਼ ਦਿੱਤੀ ਹੈ, ਉਸ ’ਤੇ ਅਸੀਂ ਆਪਣੀਆਂ ਜਥੇਬੰਦੀਆਂ ਨਾਲ ਗੱਲਬਾਤ ਕਰਾਂਗੇ। ਖੇਤੀ ਮਾਹਰਾਂ ਤੋਂ ਵੀ ਰਾਇ ਲਵਾਂਗੇ। ਬਾਅਦ ’ਚ ਕਿਸਾਨ ਜਥੇਬੰਦੀਆਂ ਨਾਲ ਇਸ ’ਤੇ ਚਰਚਾ ਕਰਾਂਗੇ ਕਿ ਇਹ ਕਿਸਾਨਾਂ ਦੇ ਹਿੱਤ ’ਚ ਹੈ ਜਾਂ ਨਹੀਂ। ਸਰਕਾਰ ਨੇ ਜਿਹੜੀ ਤਜਵੀਜ਼ ਦਿੱਤੀ ਹੈ, ਉਸ ’ਤੇ ਅਸੀਂ 19-20 ਫਰਵਰੀ ਨੂੰ ਵਿਚਾਰ ਕਰਾਂਗੇ। ਜੇ ਸਹਿਮਤੀ ਨਾ ਬਣੀ ਤਾਂ 21 ਫਰਵਰੀ ਨੂੰ 11 ਵਜੇ ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਦਿੱਲੀ ਲਈ ਅੱਗੇ ਵਧਾਂਗੇ।
ਏ2+ਐੱਫਐੱਲ ਫਾਰਮੂਲੇ ’ਤੇ ਸਰਕਾਰ ਨੇ ਦਿੱਤਾ ਜ਼ੋਰ
ਦੱਸਿਆ ਜਾ ਰਿਹਾ ਹੈ ਕਿ ਗੱਲਬਾਤ ਦੌਰਾਨ ਏ2+ਐੱਫਐੱਲ ਫਾਰਮੂਲੇ ’ਤੇ ਕੇਂਦਰ ਸਰਕਾਰ ਨੇ ਜ਼ੋਰ ਦਿੱਤਾ। ਸਰਕਾਰ ਦਾ ਕਹਿਣਾ ਸੀ ਕਿ ਇਸ ਫਾਰਮੂਲੇ ਤਹਿਤ ਬੀਜ, ਖਾਦ, ਸਿੰਚਾਈ ਤੇ ਹੋਰ ਵਸਤੂਆਂ ਦੀਆਂ ਕੀਮਤਾਂ ਅਤੇ ਮਜ਼ਦੂਰੀ ਦੇ ਆਧਾਰ ’ਤੇ ਹੀ ਫ਼ਸਲ ਦੀ ਲਾਗਤ ਤੈਅ ਹੋਵੇਗੀ। ਸਰਕਾਰ ਨੇ ਸੰਕੇਤ ਦੇ ਦਿੱਤਾ ਹੈ ਕਿ ਜਦੋਂ ਤੱਕ ਚੋਣ ਜ਼ਾਬਤਾ ਨਹੀਂ ਲੱਗਦਾ, ਉਦੋਂ ਤੱਕ ਅਸੀਂ ਜੋ ਕਰ ਸਕਦੇ ਹਾਂ, ਉਸੇ ’ਤੇ ਕਿਸਾਨ ਆਗੂ ਗੱਲ ਕਰਨ। ਕੇਂਦਰੀ ਮੰਤਰੀਆਂ ਨੇ ਕਿਹਾ ਕਿ ਪਿਛਲੇ ਅੰਦੋਲਨ ਦੌਰਾਨ 3500 ਕਿਸਾਨਾਂ ’ਤੇ ਜਿਹੜੇ ਕੇਸ ਦਰਜ ਹਨ, ਉਨ੍ਹਾਂ ਨੂੰ ਸਰਕਾਰ ਵਾਪਸ ਲੈ ਸਕਦੀ ਹੈ।
ਕੀ ਹੁੰਦਾ ਹੈ ਏ2+ਐੱਫਐੱਲ
ਏ2 ਤਹਿਤ ਕਿਸਾਨ ਵੱਲੋਂ ਬੀਜ, ਖਾਦਾਂ, ਕੀਟਨਾਸ਼ਕਾਂ, ਮਜ਼ਦੂਰੀ, ਪਟੇ ’ਤੇ ਲਈ ਗਈ ਜ਼ਮੀਨ, ਈਂਧਨ, ਸਿੰਚਾਈ ਆਦਿ ’ਤੇ ਕੀਤੇ ਗਏ ਸਿੱਧੇ ਖ਼ਰਚ ਨੂੰ ਸ਼ਾਮਲ ਕੀਤਾ ਜਾਂਦਾ ਹੈ। ਏ2+ਐੱਫਐੱਲ ਤਹਿਤ ਏ2 ਦੇ ਨਾਲ-ਨਾਲ ਬਿਨਾਂ ਤਨਖ਼ਾਹ ਦੇ ਪਰਿਵਾਰਕ ਮਜ਼ਦੂਰੀ ਦੀ ਲਗਾਈ ਗਈ ਕੀਮਤ ਸ਼ਾਮਲ ਕੀਤੀ ਜਾਂਦੀ ਹੈ।
ਕਿਸਾਨ ਤਿੰਨ ਦਿਨ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕਰਨਗੇ
ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ (ਰਾਜਨੀਤਕ) ਦੀ ਮੀਟਿੰਗ ਲੁਧਿਆਣਾ ਵਿਖੇ ਹੋਈ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਸਮੇਤ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਫੈਸਲਾ ਕੀਤਾ ਗਿਆ ਕਿ 20 ਤੋਂ 22 ਫਰਵਰੀ ਤੱਕ ਤਿੰਨ ਦਿਨ ਪੰਜਾਬ ਦੇ ਸਾਰੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਘਰ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਸਾਰੇ ਟੋਲ ਪਲਾਜ਼ਾ ਮੁਫ਼ਤ ਕੀਤੇ ਜਾਣਗੇ।
ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਰਣਨੀਤੀ ਬਣਾਉਣ ਲਈ 22 ਫਰਵਰੀ ਨੂੰ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚਾ ਦੀਆਂ 500 ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਵੇਗੀ। ਮੋਰਚੇ ਦੇ ਆਗੂਆਂ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਐਨਡੀਏ ਦੇ ਸੰਸਦ ਮੈਂਬਰਾਂ ਨੂੰ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਚੱਲ ਰਹੇ ਸੰਘਰਸ਼ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈ।
ਉਗਰਾਹਾਂ ਗਰੁੱਪ ਨੇ ਚਾਰ ਘੰਟੇ ਲਈ ਫ੍ਰੀ ਕੀਤਾ ਟੋਲ ਪਲਾਜ਼ਾ
ਬੀਕੇਯੂ (ਉਗਰਾਹਾਂ) ਨੇ ਵੀ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਮੁਫਤ ਕਰ ਦਿੱਤਾ। ਯੂਨੀਅਨ ਮੈਂਬਰਾਂ ਨੇ ਅੱਜ ਦੂਜੇ ਦਿਨ ਵੀ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਅਬੋਹਰ ਜ਼ਿਲ੍ਹੇ ਦੇ ਪੰਜਕੋਸੀ ਸਥਿਤ ਘਰ ਅਤੇ ਪਟਿਆਲਾ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ ਬਾਹਰ ਧਰਨਾ ਦਿੱਤਾ।
ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਮਾਹੌਲ ਸ਼ਾਂਤ ਰਿਹਾ
ਦੂਜੇ ਪਾਸੇ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਮਾਹੌਲ ਸ਼ਾਂਤ ਰਿਹਾ। ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਮੀਟਿੰਗ ਨੂੰ ਦੇਖਦੇ ਹੋਏ ਉਥੇ ਇਕੱਠੇ ਹੋਏ ਕਿਸਾਨ। ਸੀਨੀਅਰ ਕਿਸਾਨ ਆਗੂ ਨੌਜਵਾਨ ਪ੍ਰਦਰਸ਼ਨਕਾਰੀਆਂ ਨੂੰ ਸੰਜਮ ਵਰਤਣ ਦੀ ਸਲਾਹ ਦੇ ਰਹੇ ਹਨ।






