ਇਤਿਹਾਸਕ ਕਸਬਾ ਕਲਾਨੌਰ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ’ਚ ਵਾਲੇ ਮਿਊਜ਼ੀਅਮ ਤੇ ਕਲਾਕ ਟਾਵਰ ਨੂੰ ਨੀਂਹ ਪੱਥਰ ਰੱਖੇ ਜਾਣ ਦੇ ਤਿੰਨ ਸਾਲ ਬਾਅਦ ਵੀ ਤਰਸ ਰਿਹਾ ਹੈ। ਇਹ ਨੀਂਹ ਪੱਥਰ ਪਿਛਲੀ ਕਾਂਗਰਸ ਸਰਕਾਰ ਵੇਲੇ ਰੱਖਿਆ ਗਿਆ ਸੀ ਪਰ ਤਿੰਨ ਸਾਲ ਦਾ ਸਮਾਂ ਬੀਤਣ ਮਗਰੋਂ ਵੀ ਇਸ ਦਾ ਨਿਰਮਾਣ ਕਾਰਜ ਠੰਢੇ ਬਸਤੇ ’ਚ ਪਿਆ ਹੈ। ਹਾਲਤ ਇਹ ਹੈ ਕਿ ਕਲਾਕ ਟਾਵਰ ਲਗਾਉਣ ਲਈ ਪੁੱਟੇ ਗਏ ਟੋਏ ਮਿੱਟੀ ਨਾਲ ਭਰ ਚੁੱਕੇ ਹਨ ਤੇ ਨੀਂਹ ਪੱਥਰ ਦੀ ਸਿਲ ਲੱਥ ਚੁੱਕੀ ਹੈ।
ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਲੋਕਲ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਦਲਵਿੰਦਰ ਸਿੰਘ ਬਿੱਟੂ, ਭਾਈ ਰਣਜੀਤ ਸਿੰਘ ਖਾਲਸਾ ਆਗੂ ਅਕਾਲ ਕੌਂਸਲ ਜਥੇਬੰਦੀ, ਖ਼ਾਲਸਾ ਪੰਚਾਇਤ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਭੰਗੂ, ਭਾਈ ਬਿਕਰਮਜੀਤ ਸਿੰਘ ਭੱਟੀ, ਜਤਿੰਦਰ ਸਿੰਘ ਸਿੱਧੂ, ਬਲਰਾਜ ਸਿੰਘ ਬਿਸ਼ਨਕੋਟ ਆਦਿ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਲਾਨੌਰ ’ਚ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ’ਚ ਮਿਊਜ਼ੀਅਮ ਤੇ ਘੰਟਾ ਘਰ ਬਣਾਏ ਜਾਣ ਕਾਰਨ ਨਾਨਕ ਨਾਮ ਲੇਵਾ ਸੰਗਤ ’ਚ ਭਾਰੀ ਖ਼ੁਸ਼ੀ ਦੀ ਲਹਿਰ ਸੀ। ਪਰੰਤੂ ਤਿੰਨ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਨਾ ਤਾਂ ਕਲਾਕ ਟਾਵਰ ਬਣਿਆ ਹੈ ਤੇ ਨਾ ਹੀ ਮਿਊਜ਼ੀਅਮ ਬਣਨ ਵੀ ਕੋਈ ਆਸ ਦਿਖਾਈ ਨਹੀਂ ਦੇ ਰਹੀ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਸ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਇਤਿਹਾਸਕ ਯਾਦਗਾਰਾਂ ਦਿਖਾਉਣ ਲਈ ਕਲਾਨੌਰ ਤੋਂ ਵਿਸ਼ੇਸ਼ ਬੱਸ ਚਲਾਉਣ ਦਾ ਵੀ ਐਲਾਨ ਕੀਤਾ ਸੀ ਪਰ ਅਫ਼ਸੋਸ ਉਹ ਸੁਪਨਾ ਵੀ ਪੂਰਾ ਨਹੀਂ ਹੋ ਸਕਿਆ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਨ੍ਹਾਂ ਯਾਦਗਾਰੀ ਇਮਾਰਤਾਂ ਦਾ ਨਿਰਮਾਣ ਛੇਤੀ ਤੋਂ ਛੇਤੀ ਪੂਰਾ ਕਰੇ। ਤਾਂ ਜੋ ਲੋਕ ਇਨ੍ਹਾਂ ਨੂੰ ਦੇਖਣ ਲਈ ਆ ਸਕਣ। ਜਿਸ ਨਾਲ ਇਲਾਕੇ ’ਚ ਧਾਰਮਿਕ ਸੈਰ-ਸਪਾਟਾ ਵਧੇਗਾ। ਇਸ ਦੇ ਨਾਲ ਹੀ ਇਲਾਕੇ ਦੋ ਲੋਕ ਆਪਣੇ ਸ਼ਾਨਾਮਤੇ ਇਤਿਹਾਸ ਬਾਰੇ ਵੀ ਜਾਣ ਸਕਣਗੇ।
ਨਿਰਮਾਣ ਜਲਦ ਸ਼ੁਰੂ ਹੋਵੇਗਾ : ਡਾਕਟਰ ਸਤਨਾਮ ਸਿੰਘ ਨਿੱਝਰ
ਮਿਊਜ਼ੀਅਮ ਤੇ ਕਲਾਕ ਟਾਵਰ ਦਾ ਨਿਰਮਾਣ ਕਰਵਾ ਰਹੇ ਡਾ. ਸਤਨਾਮ ਸਿੰਘ ਨਿੱਝਰ ਨਾਲ ਜਦੋਂ ਇਸ ਵਿਸ਼ੇ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਇਮਾਰਤਾਂ ਲਈ ਜ਼ਮੀਨ ਲੀਜ਼ ਤੇ ਲੈਣ ਤੋਂ ਇਲਾਵਾ ਹੋਰ ਜ਼ਰੂਰੀ ਕੰਮਾਂ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਛੇਤੀ ਇਨ੍ਹਾਂ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ।






