ਤੇਜ਼ ਰਫ਼ਤਾਰੀ ਕਾਰਨ ਰਾਮਾ-ਮੰਡੀ ਹੁਸ਼ਿਆਰਪੁਰ ਰੋਡ ‘ਤੇ ਪਿੰਡ ਜੌਹਲਾਂ ਦੇ ਮੱਛੀ ਵਾਲੇ ਗੇਟ ਦੇ ਸਾਹਮਣੇ ਆਈ-20 ਕਾਰ ਪੀਬੀ-09-ਏਐੱਨ-4921 ਦੀ ਬੁਲੇਟ ਮੋਟਰਸਾਈਕਲ ਪੀਬੀ-08-ਡੀਐੱਫ-0846 ਨਾਲ ਟੱਕਰ ਹੋ ਗਈ। ਹਾਦਸੇ ਦੌਰਾਨ ਬੁਲੇਟ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਬੁਲੇਟ ਸਵਾਰ ਦੂਜਾ ਨੌਜਵਾਨ ਗੰਭੀਰ ਜ਼ਖ਼ਮੀ ਹੋਏ ਗਿਆ, ਜਿਸ ਨੂੰ ਸਥਾਨਕ ਜੌਹਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਐੱਸਐੱਸਐੱਫ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਐਂਬੂਲੈਂਸ ਰਾਹੀਂ ਜ਼ਖਮੀਂ ਨੂੰ ਹਸਪਤਾਲ ਪਹੁੰਚਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆਂ ਐੱਸਐੱਸਐੱਫ ਟੀਮ ਦੇ ਇੰਚਾਰਜ ਏਐੱਸਆਈ ਦਵਾਰਕਾ ਦਾਸ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਵੱਲੋਂ ਹਾਦਸੇ ਸਬੰਧੀ ਸੂਚਨਾ ਦਿੱਤੀ ਗਈ ਸੀ, ਜਿਸ ‘ਤੇ ਉਹ ਤੁਰੰਤ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ ਤੇ ਐਂਬੂਲੈਂਸ ਦੀ ਸਹਾਇਤਾ ਨਾਲ ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਜੌਹਲ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਡਾਕਟਰਾਂ ਨੇ ਇਕ ਨੌਜਵਾਨ ਦਲਜੀਤ ਸਿੰਘ ਵਾਸੀ ਪਿੰਡ ਵਿਰਕਾਂ ਨੂੰ ਮਿ੍ਤਕ ਐਲਾਨ ਕਰ ਦਿੱਤਾ ਜਦਕਿ ਦੂਜੇ ਨੌਜਵਾਨ ਮਨਦੀਪ ਸਿੰਘ ਵਾਸੀ ਪਿੰਡ ਕੰਗਣੀਵਾਲ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਈ-20 ਕਾਰ ਚਾਲਕ ਕਰਮਜੀਤ ਸਿੰਘ ਵਾਸੀ ਭਗਵਾਨਪੁਰ, ਕਪੂਰਥਲਾ ਪਰਿਵਾਰ ਨਾਲ ਮਾਤਾ ਚਿੰਤਪੁਰਨੀ ਦੇ ਦਰਬਾਰ ਤੋਂ ਮੱਥਾ ਟੇਕ ਕੇ ਵਾਪਸ ਕਪੂਰਥਲਾ ਨੂੰ ਜਾ ਰਿਹਾ ਸੀ ਜਦਕਿ ਬੁਲੇਟ ਸਵਾਰ ਮਿ੍ਤਕ ਦਲਜੀਤ ਸਿੰਘ ਆਪਣੇ ਸਾਥੀ ਨਾਲ ਨੰਗਲ-ਸ਼ਾਮਾਂ ਵੱਲ ਤੋਂ ਆ ਰਿਹਾ ਸੀ ਤਾਂ ਬੁਲੇਟ ਸਵਾਰ ਵੱਲੋਂ ਜੌਹਲਾਂ ਮੱਛੀ ਵਾਲੇ ਗੇਟ ਨਜ਼ਦੀਕ ਅਚਾਨਕ ਕੱਟ ਮਾਰ ਦਿੱਤਾ ਗਿਆ, ਜਿਸ ਕਾਰਨ ਹੁਸ਼ਿਆਰਪੁਰ ਸਾਈਡ ਤੋਂ ਆ ਰਿਹਾ ਕਾਰ ਚਾਲਕ ਕਾਰ ਕਾਬੂ ਨਹੀਂ ਕਰ ਸਕਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਹਾਦਸੇ ਵਾਲੀ ਜਗ੍ਹਾ ਨਜ਼ਦੀਕ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੁਲੇਟ ਸਵਾਰ ਦਲਜੀਤ ਸਿੰਘ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਤੇ ਗੇਟ ਨਜ਼ਦੀਕ ਅਚਾਨਕ ਮੋੜ ਕੱਟ ਦੇਣ ਕਾਰਨ ਇਹ ਹਾਦਸਾ ਵਾਪਰ ਗਿਆ।
ਉਧਰ ਐੱਸਐੱਸਐੱਫ ਟੀਮ ਵੱਲੋਂ ਸੂਚਿਤ ਕੀਤੇ ਜਾਣ ‘ਤੇ ਮੌਕੇ ‘ਤੇ ਪਹੁੰਚੇ ਥਾਣਾ ਪਤਾਰਾ ਦੇ ਏਐੱਸਆਈ ਜੀਵਨ ਸ਼ਰਮਾ ਨੇ ਦੱਸਿਆ ਕਿ ਿਫ਼ਲਹਾਲ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।






