ਵਿਆਹ ਸਮਾਰੋਹ ‘ਚ ਸ਼ਾਮਿਲ ਹੋਣ ਲਈ ਬਿਹਾਰ ਜਾਣ ਲਈ ਢੰਡਾਰੀ ਰੇਲਵੇ ਸਟੇਸ਼ਨ ਵੱਲ ਜਾ ਰਹੇ ਪਰਿਵਾਰ ਨੂੰ ਨਿਸ਼ਾਨਾ ਬਣਾਉਂਦਿਆਂ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਨੇ ਪੂਰੇ ਪਰਿਵਾਰ ਕੋਲੋਂ ਨਕਦੀ ਤੇ ਮੋਬਾਈਲ ਫੋਨ ਲੁੱਟ ਲਏ l ਬਦਮਾਸ਼ਾਂ ਨੇ ਆਟੋ ਚਾਲਕ ਕੋਲੋਂ ਵੀ ਉਸ ਦਾ ਮੋਬਾਈਲ ਫੋਨ ਖੋਹ ਲਿਆ l ਐਨਾ ਹੀ ਨਹੀਂ ਦਹਿਸ਼ਤ ਫੈਲਾਉਣ ਲਈ ਮੁਲਜ਼ਮਾਂ ਨੇ ਪੁੱਠੀ ਤਲਵਾਰ ਦੇ ਨਾਲ ਵਿਅਕਤੀ ਦੀ ਕੁੱਟਮਾਰ ਕੀਤੀ ਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਜਾਣਕਾਰੀ ਦਿੰਦਿਆਂ ਕਾਰਾਬਾਰਾ ਦੇ ਰਹਿਣ ਵਾਲੇ ਨਿਸ਼ਾਤ ਕੁਮਾਰ ਨੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਲੁਧਿਆਣਾ ਦੀ ਇਕ ਫੈਕਟਰੀ ਵਿੱਚ ਕੰਮ ਕਰ ਰਿਹਾ ਹੈ l ਉਸਦਾ ਚਾਚਾ ਵੀ ਪਰਿਵਾਰ ਸਮੇਤ ਲੁਧਿਆਣਾ ਵਿੱਚ ਹੀ ਰਹਿੰਦਾ ਹੈ l ਚਾਚਾ ਸਾਜਨ ਕੁਮਾਰ ਦੀ ਸਾਲੀ ਦਾ ਵਿਆਹ ਕੁਝ ਦਿਨਾਂ ਬਾਅਦ ਬਿਹਾਰ ਵਿੱਚ ਹੋਣਾ ਹੈ l ਵਿਆਹ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਨਿਸ਼ਾਤ ਕੁਮਾਰ, ਉਸ ਦਾ ਚਾਚਾ ਸਾਜਨ, ਚਾਚੀ ਸੁਸ਼ਮਾ ਦੇਵੀ ਅਤੇ ਚਾਚੇ ਦਾ ਬੇਟਾ ਗੌਤਮ ਬੁੱਧਵਾਰ ਸਵੇਰੇ 6 ਵਜੇ ਦੇ ਕਰੀਬ ਈ ਰਿਕਸ਼ਾ ਵਿੱਚ ਸਵਾਰ ਹੋ ਕੇ ਬਿਹਾਰ ਦੀ ਟ੍ਰੇਨ ਚੜਨ ਲਈ ਢੰਡਾਰੀ ਰੇਲਵੇ ਸਟੇਸ਼ਨ ਵੱਲ ਨੂੰ ਚੱਲ ਪਏl
ਨਿਸ਼ਾਤ ਨੇ ਦੱਸਿਆ ਕਿ ਉਹ ਥੋੜ੍ਹੀ ਦੂਰੀ ‘ਤੇ ਹੀ ਪਹੁੰਚੇ ਸਨ ਕਿ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਦੇ ਈ-ਰਿਕਸ਼ਾ ਨੂੰ ਘੇਰ ਲਿਆl ਨਿਸ਼ਾਤ ਨੇ ਦੱਸਿਆ ਕਿ ਬਦਮਾਸ਼ਾਂ ਦੇ ਕੋਲ ਚਾਕੂ ਅਤੇ ਤਲਵਾਰ ਸੀ l ਜਾਨੋ ਮਾਰ ਦੇਣ ਦੀਆਂ ਧਮਕੀਆਂ ਦੇ ਕੇ ਉਨਾਂ ਨੇ ਸਾਜਨ ਕੁਮਾਰ ਅਤੇ ਸੁਸ਼ਮਾ ਦੇਵੀ ਕੋਲੋਂ 30 ਹਜਾਰ ਰੁਪਏ , ਚਾਂਦੀ ਦੀਆਂ ਪੰਜੇਬਾਂ, ਅਤੇ ਪੂਰੇ ਪਰਿਵਾਰ ਕੋਲੋਂ ਮੋਬਾਈਲ ਫੋਨ ਖੋਹ ਲਿਆ l ਬਦਮਾਸ਼ਾਂ ਨੇ ਆਟੋ ਚਾਲਕ ਦੀ ਕੁੱਟਮਾਰ ਕਰਕੇ ਉਸ ਦਾ ਮੋਬਾਈਲ ਫੋਨ ਵੀ ਲੁੱਟ ਲਿਆ l ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮਾਂ ਨੇ ਦਹਿਸ਼ਤ ਫੈਲਾਉਣ ਲਈ ਸਾਜਨ ਕੁਮਾਰ ਦੀ ਕੁੱਟਮਾਰ ਕੀਤੀ ਅਤੇ ਪੁੱਠੀ ਤਲਵਾਰ ਨਾਲ ਉਸ ਦੇ ਸੱਟਾਂ ਮਾਰੀਆਂ l
ਨਿਸ਼ਾਤ ਕੁਮਾਰ ਨੇ ਦੱਸਿਆ ਕਿ ਸਵੇਰੇ ਸਵਾ 6ਵਜੇ ਦੇ ਕਰੀਬ ਜੀਟੀ ਰੋਡ ਤੋਂ ਕਈ ਰਾਹਗੀਰ ਲੰਘ ਰਹੇ ਸਨ, ਪਰ ਕਿਸੇ ਨੇ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ l ਨਿਸ਼ਾਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸਭ ਤੋਂ ਪਹਿਲੋਂ ਥਾਣਾ ਬਸਤੀ ਜੋਧੇਵਾਲ ‘ਚ ਸ਼ਿਕਾਇਤ ਦਿੱਤੀ, ਪਰ ਉਥੋਂ ਦੀ ਪੁਲਿਸ ਨੇ ਇਹ ਆਖ ਕੇ ਟਾਲ ਦਿੱਤਾ ਕਿ ਇਹ ਏਰੀਆ ਟਿੱਬਾ ਪੁਲਿਸ ਥਾਣੇ ਦਾ ਹੈ l ਨਿਸ਼ਾਤ ਅਤੇ ਉਸਦਾ ਪਰਿਵਾਰ ਟਿੱਬਾ ਥਾਣੇ ਪਹੁੰਚਿਆ ਜਿੱਥੋਂ ਦੀ ਪੁਲਿਸ ਪਾਰਟੀ ਨੇ ਇਹ ਆਖਿਆ ਕਿ ਇਹ ਇਲਾਕਾ ਸੁਭਾਸ਼ ਨਗਰ ਚੌਂਕੀ ਦਾ ਪੈਂਦਾ ਹੈl
ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਨੇ ਉਨਾਂ ਦੀ ਸੁਣਵਾਈ ਨਹੀਂ ਕੀਤੀ l ਬੁੱਧਵਾਰ ਸਵੇਰੇ 10:30 ਵਜੇ ਦੇ ਕਰੀਬ ਉਹ ਥਾਣਾ ਟਿੱਬਾ ਦੇ ਅਧੀਨ ਆਉਂਦੀ ਚੌਕੀ ਸੁਭਾਸ਼ ਨਗਰ ਪਹੁੰਚੇ, ਜਿੱਥੇ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਲੈ ਲਈ l ਇਸ ਮਾਮਲੇ ਵਿੱਚ ਥਾਣਾ ਟਿੱਬਾ ਦੇ ਐਡੀਸ਼ਨਲ ਐਸਐਚ ਓ ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਇਸ ਸਾਰੇ ਮਾਮਲੇ ਦੀ ਪੜਤਾਲ ਵਿੱਚ ਜੁੜ ਗਈ ਹੈ l






