ਗਿਆਸਪੁਰਾ ਇਲਾਕੇ ਦੇ ਇੱਕ ਸਕੂਲ ਦੇ ਬਾਹਰੋਂ ਦਸਵੀਂ ਦੇ ਵਿਦਿਆਰਥੀ ਨੂੰ ਅਗਵਾ ਕਰਕੇ ਚਲਦੀ ਕਾਰ ਵਿੱਚ ਉਸਦੀ ਕੁੱਟਮਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ l ਸ਼ੁੱਕਰਵਾਰ ਰਾਤ ਨੂੰ ਲੜਕਾ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ l ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਢਡਾਰੀ ਇਲਾਕੇ ਦੇ ਰਹਿਣ ਵਾਲੇ ਦਸਵੀਂ ਦੇ ਵਿਦਿਆਰਥੀ ਵਿੱਕੀ ਨੂੰ ਕੁਝ ਵਿਅਕਤੀਆਂ ਵੱਲੋਂ ਛੁੱਟੀ ਸਮੇਂ ਮੱਕੜ ਕਾਲੋਨੀ ਸਥਿਤ ਉਸਦੇ ਸਕੂਲ ਦੇ ਬਾਹਰ ਗੱਲਾਂ ਵਿੱਚ ਲਗਾ ਕੇ ਕਾਰ ਵਿੱਚ ਬਿਠਾ ਲਿਆ l ਮੁਲਜ਼ਮ ਉਸਨੂੰ ਧਮਕੀਆਂ ਦੇਣ ਲੱਗ ਪਏ ਕਿ ਉਹ ਫਰਜ਼ੀ ਆਈਡੀ ਦੇ ਨਾਲ ਲੜਕੀਆਂ ਨੂੰ ਮੈਸੇਜ ਕਰਨਾ ਬੰਦ ਕਰ ਦੇਵੇ l ਅਗਵਾ ਕਰਨ ਵਾਲੇ ਵਿਅਕਤੀਆਂ ਨੇ ਚਲਦੀ ਕਾਰ ਵਿੱਚ ਉਸਦੀ ਕੁੱਟਮਾਰ ਕੀਤੀ l ਲੜਕੇ ਨੇ ਜਦੋਂ ਰੌਲਾ ਪਾਇਆ ਤਾਂ ਉਨ੍ਹਾਂ ਨੇ ਉਸਨੂੰ ਕਾਰ ‘ਚੋਂ ਬਾਹਰ ਸੁੱਟ ਦਿੱਤਾ l ਲੜਕੇ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਸਬੰਧੀ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ l






