ਨਸ਼ੇ ਦੀ ਓਵਰਡੋਜ ਨਾਲ ਇੱਕ ਨੌਜਵਾਨ ਦੀ ਮੌਤ ਹੋਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ l ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਦੇ ਸਾਥੀਆਂ ਨੇ ਸਰਿੰਜ ਨਾਲ ਨਸ਼ੇ ਦੀ ਓਵਰਡੋਜ਼ ਦੇ ਦਿੱਤੀ ਜਿਸ ਕਾਰਨ ਉਸਦੇ ਲੜਕੇ ਦੀ ਮੌਤ ਹੋ ਗਈ। ਜਾਣਕਾਰੀ ਤੋਂ ਬਾਅਦ ਹਰਕਤ ਵਿੱਚ ਆਈ ਥਾਣਾ ਕੂਮਕਲਾਂ ਦੀ ਪੁਲਿਸ ਨੇ ਦਸ਼ਮੇਸ਼ ਨਗਰ ਮਾਛੀਵਾੜਾ ਦੇ ਵਾਸੀ ਹਰਮਨ ਗਰੇਵਾਲ, ਪਿੰਡ ਅੜਿਆਣਾ ਮਾਛੀਵਾੜਾ ਦੇ ਰਹਿਣ ਵਾਲੇ ਨਵਦੀਪ ਸਿੰਘ ਅਤੇ ਪਿੰਡ ਮਾਨੇਵਾਲ ਦੇ ਵਾਸੀ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਸਮੇਤ ਕਲਗੀਧਰ ਨਗਰ ਮਾਛੀਵਾੜਾ ਦੇ ਵਾਸੀ ਮਾਸਟਰ ਦਿਲਪ੍ਰੀਤ ਸਿੰਘ ਖਿਲਾਫ਼ ਗੈਰ ਇਰਾਦਤਨ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਕੂਮਕਲਾਂ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਖੰਨਾ ਦੇ ਪਿੰਡ ਰੱਤੀਪੁਰ ਦੇ ਰਹਿਣ ਵਾਲੇ ਰਣਜੋਧ ਸਿੰਘ ਨੇ ਦੱਸਿਆ ਉਸ ਦਾ ਬੇਟਾ ਜਸਪ੍ਰੀਤ ਸਿੰਘ ਜੱਸੀ ਨਸ਼ਾ ਕਰਨ ਦਾ ਆਦੀ ਸੀ l ਕੁਝ ਦਿਨ ਪਹਿਲਾਂ ਉਹ ਆਪਣੇ ਦੋਸਤ ਹਰਮਨ ਗਰੇਵਾਲ, ਨਵਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਮਾਸਟਰ ਦਿਲਪ੍ਰੀਤ ਸਿੰਘ ਨਾਲ ਆਈਕੋਨ ਗੱਡੀ ਵਿੱਚ ਸਵਾਰ ਹੋ ਕੇ ਪਿੰਡ ਹਾਦੀਵਾਲ ਦੇ ਕੋਲ ਪੈਂਦੇ ਸਤਲੁਜ ਦੇ ਬੰਨ ਤੇ ਗਿਆl ਚਾਰਾਂ ਨੌਜਵਾਨਾਂ ਨੇ ਉੱਥੇ ਨਸ਼ਾ ਕੀਤਾ ਅਤੇ ਨਸ਼ੇ ਦਾ ਟੀਕਾ ਉਸਦੇ ਬੇਟੇ ਜਸਪ੍ਰੀਤ ਸਿੰਘ ਨੂੰ ਵੀ ਲਗਾ ਦਿੱਤਾ l ਨਸ਼ੇ ਦੀ ਓਵਰਡੋਜ ਹੋਣ ਕਾਰਨ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ l ਇਸ ਮਾਮਲੇ ਸਬੰਧੀ ਰਣਜੋਧ ਸਿੰਘ ਨੇ ਥਾਣਾ ਕੂਮਕਲਾਂ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ l ਇਸ ਦੀ ਪੜਤਾਲ ਕਰ ਰਹੇ ਜਾਂਚ ਅਧਿਕਾਰੀ ਰਣਧੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਸ਼ਿਕਾਇਤ ਤੋਂ ਬਾਅਦ ਚਾਰਾਂ ਲੜਕਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ l ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਮਾਸਟਰ ਦਿਲਪ੍ਰੀਤ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ।






