ਸਥਾਨਕ ਪਿੰਡ ਨੂਰਾਂ ਵਾਲਾ ‘ਚ ਮਤਰੇਏ ਬਾਪ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਆਪਣੀ ਨਾਬਾਲਿਗ ਧੀ ਨਾਲ ਸਾਥੀਆਂ ਸਣੇ ਗੈਂਗਰੇਪ ਨੂੰ ਅੰਜਾਮ ਦਿੱਤਾ। ਉਕਤ ਮਾਮਲੇ ‘ਚ ਥਾਣਾ ਮਿਹਰਬਾਨ ਪੁਲਿਸ ਨੇ ਮੁਲਜ਼ਮ ਬਾਪ, ਉਸ ਦੇ ਮਾਮੇ ਲਵਲੀ ਕੁਮਾਰ ਤੇ ਵਿਸ਼ਾਲ ਕੁਮਾਰ ਖਿਲਾਫ ਗੈਂਗਰੇਪ ਤੇ ਪੋਕਸੋ ਐਕਟ ਅਧੀਨ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਵਾਰਦਾਤ ਦੀ ਸ਼ਿਕਾਰ ਹੋਈ ਨਬਾਲਿਕ ਲੜਕੀ ਦੀ ਮਾਸੀ ਦੇ ਬਿਆਨ ਉੱਪਰ ਦਰਜ ਕੀਤਾ ਹੈ।
ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਦੂਜਾ ਵਿਆਹ ਮੁਲਜ਼ਮ ਨਾਲ ਹੋਇਆ ਸੀ। ਮੁਲਜ਼ਮ ਨਾਲ ਵਿਆਹ ਮਗਰੋਂ ਉਸ ਦੀ ਭੈਣ ਆਪਣੀ 15 ਸਾਲ ਦੀ ਬੇਟੀ ਸਮੇਤ ਮੁਲਜ਼ਮ ਨਾਲ ਪਿੰਡ ਨੂਰਾਂਵਾਲਾ ਡਰੀਮ ਸਿਟੀ ਰਹਿ ਰਹੀ ਸੀ। ਕਰੀਬ ਇਕ ਮਹੀਨਾ ਪਹਿਲਾਂ ਸ਼ਿਕਾਇਤਕਰਤਾ ਦੀ ਭੈਣ ਦਾ ਆਪਣੇ ਪਤੀ ਨਾਲ ਝਗੜਾ ਹੋ ਗਿਆ ਤੇ ਉਹ ਆਪਣੇ ਪਤੀ ਨਾਲ ਨਰਾਜ਼ ਹੋ ਕੇ ਕਿੱਧਰੇ ਚਲੀ ਗਈ। ਮੁਲਜ਼ਮ ਨੇ 20 ਫਰਵਰੀ ਨੂੰ ਪਤਨੀ ਦੀ ਗੈਰ-ਮੌਜੂਦਗੀ ‘ਚ ਆਪਣੇ ਮਾਮੇ ਤੇ ਦੋਸਤ ਨਾਲ ਸ਼ਰਾਬ ਪੀ ਕੇ ਨਬਾਲਗ ਧੀ ਨਾਲ ਜਬਰੀ ਸਰੀਰਕ ਸਬੰਧ ਬਣਾਏ। ਵਾਰਦਾਤ ਦੀ ਸ਼ਿਕਾਰ ਹੋਈ ਪੀੜਤਾ ਨੇ ਆਪਣੀ ਮਾਸੀ ਨੂੰ ਹੱਡਬੀਤੀ ਸੁਣਾਈ ਤਾਂ ਸਾਰਾ ਮਾਮਲਾ ਥਾਣਾ ਮਿਹਰਬਾਨ ਪੁਲਿਸ ਨੇ ਧਿਆਨ ‘ਚ ਲਿਆਂਦਾ ਗਿਆ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਰਾਧੇ ਸ਼ਾਮ ਮੁਤਾਬਕ ਮੁਲਜ਼ਮਾਂ ਖਿਲਾਫ ਗੈਂਗਰੇਪ ਤੇ ਪੋਕਸੇ ਐਕਟ ਅਧੀਨ ਪਰਚਾ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।






