ਅਮਰੀਕਾ ਦੇ ਸਿਆਟਲ ’ਚ ਭਾਰਤੀ ਵਣਜ ਦੂਤਘਰ ਨੇ ਅਧਿਕਾਰੀਆਂ ਸਾਹਮਣੇ ਭਾਰਤੀ ਵਿਦਿਆਰਥਣ ਜਾਹਨਵੀ ਕੰਡੁਲਾ ਦਾ ਮਾਮਲਾ ਉਠਾਇਆ ਹੈ। ਭਾਰਤ ਦਾ ਇਹ ਕਦਮ ਉਦੋਂ ਸਾਹਮਣੇ ਆਇਆ ਹੈ, ਜਦੋਂ ਇਸਤਗਾਸਾ ਪੱਖ ਦੇ ਵਕੀਲ ਨੇ ਕਿਹਾ ਹੈ ਕਿ ਲੁੜੀਂਦੇ ਸਬੂਤਾਂ ਦੀ ਕਮੀ ਕਾਰਨ ਪੁਲਿਸ ਅਧਿਕਾਰੀ ਨੂੰ ਕਿਸੇ ਵੀ ਅਪਰਾਧਿਕ ਦੋਸ਼ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਪਿਛਲੇ ਸਾਲ 23 ਜਨਵਰੀ ਨੂੰ ਸਿਆਟਲ ’ਚ ਇਕ ਸੜਕ ਪਾਰ ਕਰਦੇ ਸਮੇਂ ਕੰਡੁਲਾ ਨੂੰ ਅਧਿਕਾਰੀ ਡੇਵ ਨੇ ਵਾਹਨ ਨਾਲ ਟੱਕਰ ਮਾਰ ਦਿੱਤੀ ਸੀ। ਡਰੱਗ ਓਵਰਡੋਜ਼ ਕਾਲ ਦੀ ਰਿਪੋਰਟ ਲਈ ਉਹ ਆਪਣੇ ਵਾਹਨ ਨੂੰ 119 ਕਿਲੋਮੀਟਰ ਤੋਂ ਵੱਧ ਤੇਜ਼ ਚਲਾ ਰਹੇ ਸਨ। ਟੱਕਰ ਇੰਨੀ ਤੇਜ਼ ਸੀ ਕਿ ਕੰਡੁਲਾ 100 ਫੁੱਟ ਦੂਰ ਜਾ ਡਿੱਗੀ ਸੀ। ਲੋਕਾਂ ਨੇ ਵਿਦਿਆਰਥਣ ਲਈ ਨਿਆਂ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਭਾਰਤੀ ਵਣਜ ਦੂਤਘਰ ਨੇ ਕਿਹਾ ਹੈ ਕਿ ਉਹ ਮਾਮਲੇ ’ਚ ਪ੍ਰਗਤੀ ਦੀ ਨਿਗਰਾਨੀ ਕਰ ਰਿਹਾ ਹੈ ਤੇ ਕੰਡੁਲਾ ਤੇ ਉਸਦੇ ਪਰਿਵਾਰ ਲਈ ਨਿਆਂ ਯਕੀਨੀ ਕਰਨ ’ਚ ਹਰ ਸੰਭਵ ਮਦਦ ਪ੍ਰਦਾਨ ਕਰੇਗਾ। ਅਸੀਂ ਉਚਿਤ ਹੱਲ ਲਈ ਸਿਆਟਲ ਪੁਲਿਸ ਸਮੇਤ ਸਥਾਨਕ ਅਧਿਕਾਰੀਆਂ ਸਾਹਮਣੇ ਵੀ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਹੁਣ ਮਾਮਲੇ ਨੂੰ ਸਮੀਖਿਆ ਲਈ ਸਿਆਟਲ ਸਿਟੀ ਅਟਾਰਨੀ ਦਫ਼ਤਰ ’ਚ ਭੇਜਿਆ ਗਿਆ ਹੈ।
ਇਸ ਨੂੰ ਲੈ ਕੇ ਅਮਰੀਕਾ ’ਚ ਇਕ ਸਿਖ਼ਰ ਹਿੰਦੂ ਐਡਵੋਕੇਸੀ ਸਮੂਹ ਨੇ ਕਿਹਾ ਹੈ ਕਿ ਇਹ ਹੈਰਾਨ ਕਰਨ ਵਾਲਾ ਤੇ ਨਿਰਾਸ਼ਾਜਨਕ ਹੈ ਕਿ ਭਾਰਤੀ ਵਿਦਿਆਰਥਣ ਦੀ ਹੱਤਿਆ ਦੀ ਜਾਂਚ ਉਨ੍ਹਾਂ ਲੋਕਾਂ ਖ਼ਿਲਾਫ਼ ਬਿਨਾਂ ਕਿਸੇ ਦੋਸ਼ ਦੇ ਖ਼ਾਰਜ ਕਰ ਦਿੱਤੀ ਗਈ, ਜਿਨ੍ਹਾਂ ਨੇ ਉਨ੍ਹਾਂ ’ਤੇ ਹਮਲਾ ਕੀਤਾ ਸੀ।






