ਜਗਰਾਓਂ ਦੇ ਚੌਕ ਚਰਖੜੀਆਂ ਵਿਖੇ ਦੋ ਦਿਨ ਪਹਿਲਾਂ ਸਾਈਕਲ ‘ਤੇ ਮੰਦਰ ਜਾ ਰਹੇ ਸ਼ਰਧਾਲੂ ਦੀ ਜੇਬ੍ਹ ‘ਚੋਂ ਮੋਬਾਈਲ ਕੱਢ ਕੇ ਭੱਜਣ ਵਾਲੀ ਮੋਟਰਸਾਈਕਲ ਸਵਾਰ ਤਿਕੜੀ ਆਖ਼ਰਕਾਰ ਫੜੀ ਗਈ। ਇਸ ਘਟਨਾ ਦੀ ਸ਼ੋਸਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਜਗਰਾਓਂ ਪੁਲਿਸ ਨੇ ਸੀਸੀਟੀਵੀ ਫੁਟੇਜ ਰਾਹੀਂ ਮੋਟਰਸਾਈਕਲ ਸਵਾਰ ਤਿਕੜੀ ਨੂੰ ਮੋਬਾਈਲ ਸਮੇਤ ਗਿ੍ਫ਼ਤਾਰ ਕਰ ਲਿਆ। ਵਰਣਨਯੋਗ ਹੈ ਕਿ ਬੀਤੀ 23 ਫਰਵਰੀ ਨੂੰ ਲੱਪੇ ਸ਼ਾਹ ਚੌਕ ਵਾਸੀ ਚੰਦਰ ਸ਼ੇਖਰ ਆਪਣੇ ਸਾਈਕਲ ‘ਤੇ ਬਾਅਦ ਦੁਪਹਿਰ ਕਰੀਬ 3:15 ਵਜੇ ਭੱਦਰਕਾਲ ਮੰਦਰ ਜਾ ਰਹੇ ਸਨ।
ਸਥਾਨਕ ਚਰਖੜੀਆਂ ਚੌਕ ਨੇੜੇ ਇੱਕ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਉਨ੍ਹਾਂ ਦਾ ਮੋਬਾਈਲ ਲੈ ਕੇ ਫ਼ਰਾਰ ਹੋ ਗਏ। ਇਸ ਮਾਮਲੇ ਦੀ ਵੀਡੀਓ ਵਾਇਰਲ ਹੋਈ ਤਾਂ ਪੁਲਿਸ ਸਰਗਰਮ ਹੋਈ। ਜਗਰਾਓਂ ਥਾਣਾ ਸਿਟੀ ਦੇ ਏਐੱਸਆਈ ਗੁਰਚਰਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸੀਸੀਟੀਵੀ ਫੁਟੇਜ ਰਾਹੀਂ ਮੋਟਰਸਾਈਕਲ ਦਾ ਨੰਬਰ ਚੈੱਕ ਕਰ ਕੇ ਇੱਕ ਤੋਂ ਬਾਅਦ ਇੱਕ ਤਿੰਨਾਂ ਮੋਬਾਈਲ ਖੋਹਣ ਵਾਲਿਆਂ ਨੂੰ ਕਾਬੂ ਕਰ ਲਿਆ। ਏਐੱਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਗੁਰਨਾਮ ਸਿੰਘ ਉਰਫ ਗੱਗੂ ਪੁੱਤਰ ਬਲਵੀਰ ਸਿੰਘ ਵਾਸੀ ਬੱਲੋਵਾਲ, ਹਰਸ਼ਦੀਪ ਉਰਫ ਗੁਰੀ ਅਤੇ ਚੇਤਨ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਅਜੀਤ ਨਗਰ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਖੋਹਿਆ ਹੋਇਆ ਮੋਬਾਈਲ ਤੇ ਵਾਰਦਾਤ ਸਮੇਂ ਵਰਤਿਆ ਸਪਲੈਂਡਰ ਪਲੱਸ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।






