ਹਲਕਾ ਪੱਛਮੀ ਦੇ ਵਿਧਾਇਕ ਜਸਬੀਰ ਸਿੰਘ ਸੰਧੂ ਦੇ ਰਿਸ਼ਤੇਦਾਰ ‘ਤੇ ਗੋਲ਼ੀ ਚਲਾ ਕੇ ਆਪਣੇ ਗੁਆਂਢੀ ਨੂੰ ਜ਼ਖ਼ਮੀ ਕਰਨ ਦਾ ਦੋਸ਼ ਹੈ। ਪਤਾ ਲੱਗਾ ਹੈ ਕਿ ਐਤਵਾਰ ਸ਼ਾਮ ਕਾਰ ਪਾਰਕਿੰਗ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਸੀ। ਫਿਲਹਾਲ ਜ਼ਖ਼ਮੀ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਥਾਣਾ ਛਾਉਣੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਗਵਾਲਮੰਡੀ ਦਾ ਰਹਿਣ ਵਾਲਾ ਸਿਕੰਦਰ (27) ਇਲਾਕੇ ‘ਚ ਕਾਰ ਵਾਸ਼ਿੰਗ ਦੀ ਦੁਕਾਨ ਚਲਾਉਂਦਾ ਹੈ। ਉਨ੍ਹਾਂ ਦੀ ਦੁਕਾਨ ਨੇੜੇ ਹੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਹਲਕਾ ਪੱਛਮੀ ਦੇ ਵਿਧਾਇਕ ਜਸਬੀਰ ਸਿੰਘ ਸੰਧੂ ਦੇ ਰਿਸ਼ਤੇਦਾਰ ਇੰਦਰਜੀਤ ਸਿੰਘ ਨੇ ਪਾਰਟੀ ਦਫ਼ਤਰ ਖੋਲ੍ਹਿਆ ਹੋਇਆ ਹੈ। ਇਸ ਦਫ਼ਤਰ ‘ਚ ਰੋਜ਼ਾਨਾ ਸੈਂਕੜੇ ਲੋਕ ਆਉਂਦੇ ਰਹਿੰਦੇ ਹਨ। ਕਾਰ ਵਾਸ਼ਿੰਗ ਦੀ ਦੁਕਾਨ ਹੋਣ ਕਾਰਨ ਅਕਸਰ ਦੋਵਾਂ ਦੁਕਾਨਾਂ ਦੇ ਬਾਹਰ ਵਾਹਨਾਂ ਦੀ ਲੰਬੀ ਕਤਾਰ ਲੱਗ ਜਾਂਦੀ ਹੈ।
ਕਈ ਵਾਰ ਕਾਰ ਵਾਸ਼ਿੰਗ ਸਮੇਂ ਪਾਰਟੀ ਦਫਤਰ ਆਉਣ ਵਾਲੇ ਲੋਕਾਂ ‘ਤੇ ਪਾਣੀ ਦੇ ਛਿੱਟੇ ਵੀ ਪੈ ਜਾਂਦੇ ਹਨ। ਸਿਕੰਦਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਅਕਸਰ ਝਗੜੇ ਹੁੰਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਵੀ ਲੜਾਈ ਕਾਫੀ ਵੱਧ ਗਈ ਸੀ। ਪਰ ਬਾਅਦ ‘ਚ ਆਂਢ-ਗੁਆਂਢ ਦੇ ਲੋਕਾਂ ਨੇ ਦਖਲ ਦੇ ਕੇ ਦੋਵਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਇੰਦਰਜੀਤ ਸਿੰਘ ਝਗੜੇ ਦੌਰਾਨ ਵਿਧਾਇਕ ਰਿਸ਼ਤੇਦਾਰ ਦੀ ਧੌਂਸ ਦਿੰਦਾ ਸੀ ਤੇ ਸਬਕ ਸਿਖਾਉਣ ਦੀਆਂ ਵੀ ਧਮਕੀਆਂ ਦੇ ਰਿਹਾ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਵੀ ਕਾਰ ਦੀ ਪਾਰਕਿੰਗ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ। ਦੋਵੇਂ ਦੁਕਾਨਾਂ ਦੇ ਬਾਹਰ ਜਿਉਂ ਹੀ ਇਕ ਕਾਰ ਰੁਕੀ ਤਾਂ ਇੰਦਰਜੀਤ ਸਿੰਘ ਨੇ ਸਿਕੰਦਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਦੇਰ ਬਾਅਦ ਹੀ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ ਤੇ ਇੰਦਰਜੀਤ ਸਿੰਘ ਨੇ ਪਿਸਤੌਲ ਕੱਢ ਕੇ ਸਿਕੰਦਰ ਨੂੰ ਗੋਲ਼ੀ ਮਾਰ ਦਿੱਤੀ। ਖੂਨ ਨਾਲ ਲੱਥਪੱਥ ਸਿਕੰਦਰ ਬਾਜ਼ਾਰ ‘ਚ ਡਿੱਗ ਪਿਆ ਤੇ ਮੁਲਜ਼ਮ ਇੰਦਰਜੀਤ ਸਿੰਘ ਆਪਣੀ ਪਿਸਤੌਲ ਸਮੇਤ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ।
ਇੰਦਰਜੀਤ ਨਾਲ ਕੋਈ ਸਬੰਧ ਨਹੀਂ : ਵਿਧਾਇਕ
ਦੂਜੇ ਪਾਸੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਇਸ ਘਟਨਾ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇੰਦਰਜੀਤ ਇਕ ਵਲੰਟੀਅਰ ਵਜੋਂ ਪਾਰਟੀ ‘ਚ ਹੈ। ਉਸ ਨਾਲ ਕੋਈ ਰਿਸ਼ਤਾ ਨਹੀਂ ਹੈ। ਕਾਨੂੰਨ ਨੂੰ ਆਪਣੇ ਹੱਥਾਂ ‘ਚ ਲੈਣ ਵਾਲਿਆਂ ਦਾ ਕੋਈ ਲਿਹਾਜ਼ ਨਹੀਂ ਹੈ। ਪੁਲਿਸ ਆਪਣੀ ਕਾਰਵਾਈ ਕਰੇ।






