ਜੰਮੂ ਤੋਂ ਪੰਜਾਬ ਤਕ ਮਾਲਗੱਡੀ ਬਿਨਾਂ ਲੋਕੋ ਪਾਇਲਟ ਦੇ 80 ਕਿਲੋਮੀਟਰ ਤਕ ਪਟੜੀ ‘ਤੇ ਦੌੜੀ। ਇਸ ਤੋਂ ਬਾਅਦ ਰੇਲਵੇ ‘ਚ ਹੜਕੰਪ ਮਚ ਗਿਆ। ਹੁਣ ਇਸ ਮਾਮਲੇ ‘ਚ ਰੇਲਵੇ ਦੇ 6 ਲੋਕਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਸਟੇਸ਼ਨ ਮਾਸਟਰ, ਟ੍ਰੈਫਿਕ ਇੰਸਪੈਕਟਰ, ਲੋਕੋ ਪਾਇਲਟ, ਅਸਿਸਟੈਂਟ ਲੋਕੋ ਪਾਇਲਟ, ਪੁਆਇੰਟਮੈਨ ਅਤੇ ਲੋਕੋ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਅਜਿਹੀ ਘਟਨਾ ‘ਤੇ ਹਾਲੀਵੁੱਡ ਫਿਲਮ ‘ਅਨਸਟੋਪੇਬਲ’ ਬਣੀ ਸੀ, ਜਿਸ ‘ਚ ਇਕ ਮਾਲਗੱਡੀ ਬਿਨਾਂ ਡਰਾਈਵਰ ਦੇ ਟ੍ਰੈਕ ‘ਤੇ ਦੌੜਣ ਲੱਗਦੀ ਹੈ। ਫਿਰ ਇਸ ਨੂੰ ਰੋਕਣ ਲਈ ਦੂਜੇ ਟ੍ਰੈਕ ‘ਤੇ ਜਾ ਰਹੇ ਇੰਜਣ ਨੂੰ ਪਿੱਛੇ ਲਗਾ ਦਿੱਤਾ ਜਾਂਦਾ ਹੈ ਤੇ ਅਖੀਰ ‘ਚ ਇੰਜਣ ਚਾਲਕ ਬੜੀ ਮੁਸ਼ਕਲ ਨਾਲ ਟਰੇਨ ਰੋਕਦਾ ਹੈ। ਅਜਿਹਾ ਹੀ ਕੁਝ ਐਤਵਾਰ ਸਵੇਰੇ ਜੰਮੂ ਦੇ ਕਠੂਆ ਰੇਲਵੇ ਸਟੇਸ਼ਨ ‘ਤੇ ਹੋਇਆ। ਇੱਥੇ 53 ਵੈਗਨ ਦੀ ਡਬਲ ਇੰਜਣ ਵਾਲੀ ਮਾਲਗੱਡੀ ਬਿਨਾਂ ਲੋਕੋ ਪਾਇਲਟ ਦੇ ਟਰੈਕ ‘ਤੇ ਦੌੜ ਪਈ।
ਕਠੂਆ ਤੋਂ ਰਫਤਾਰ ਫੜਨ ਤੋਂ ਬਾਅਦ ਮਾਲਗੱਡੀ ਕਰੀਬ 2 ਘੰਟੇ ਟ੍ਰੈਕ ‘ਤੇ ਬੇਲਗਾਮ ਦੌੜਦੀ ਰਹੀ ਤੇ ਕਰੀਬ 80 ਕਿਲੋਮੀਟਰ ਦੂਰ ਪੰਜਾਬ ਦੇ ਹੁਸ਼ਿਆਰਪੁਰ ‘ਚ ਉੱਚੀ ਬੱਸੀ ਵਿਖੇ ਟ੍ਰੈਕ ‘ਤੇ ਪੱਥਰ ਤੇ ਲੱਕੜ ਦੇ ਬਲਾਕ ਰੱਖ ਕੇ ਰੋਕੀ ਗਈ। ਘਟਨਾ ਤੋਂ ਬਾਅਦ ਰੇਲਵੇ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਨੇ ਹੋਰ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਢਲਾਨ ਕਾਰਨ ਫੜੀ ਰਫ਼ਤਾਰ
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਢਲਾਨ ਹੋਣ ਕਾਰਨ ਮਾਲਗੱਡੀ ਨੇ ਆਪਣੇ ਆਪ ਦੌੜਣਾ ਸ਼ੁਰੂ ਕਰ ਦਿੱਤਾ ਤੇ ਰਫ਼ਤਾਰ ਫੜ ਲਈ। ਹਾਲਾਂਕਿ ਮਾਮਲਾ ਤੇਜ਼ ਹੋਣ ਤੋਂ ਬਾਅਦ ਰੇਲਵੇ ਨੇ ਜਾਂਚ ਦੇ ਨਿਰਦੇਸ਼ ਦਿੱਤੇ। ਲੋਕੋ ਪਾਇਲਟ ਨੇ ਕਠੂਆ ਰੇਲਵੇ ਸਟੇਸ਼ਨ ‘ਤੇ ਮਾਲ ਗੱਡੀ ਰੋਕੀ ਤੇ ਚਾਹ ਪੀਣ ਚਲਾ ਗਿਆ।
ਅਚਾਨਕ ਕਰੀਬ 7:10 ਵਜੇ ਮਾਲਗੱਡੀ ਦੌੜਣ ਲੱਗੀ। ਇਸ ਤੋਂ ਪਹਿਲਾਂ ਕਿ ਰੇਲਵੇ ਮੁਲਾਜ਼ਮ ਬਲਾਕ ਆਦਿ ਲਗਾ ਕੇ ਰੇਲਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰਦੇ, ਢਲਾਨ ਕਾਰਨ ਮਾਲ ਗੱਡੀ ਨੇ ਰਫ਼ਤਾਰ ਫੜ ਲਈ। ਫਿਰ ਰੇਲਵੇ ਸਟਾਫ ਨੇ ਜਲਦਬਾਜ਼ੀ ‘ਚ ਅਗਲੇ ਸਾਰੇ ਸਟੇਸ਼ਨਾਂ ਨੂੰ ਅਲਰਟ ਕਰ ਦਿੱਤਾ ਅਤੇ ਰੇਲਵੇ ਕਰਾਸਿੰਗ ਨੂੰ ਬੰਦ ਕਰ ਦਿੱਤਾ।






