ਲੁਟੇਰਿਆ ਨੇ ਅੱਧੀ ਰਾਤ ਨੂੰ ਐੱਸਬੀਆਈ ਦੀ ਖੇਤੀਬਾੜੀ ਸ਼ਾਖਾ ਨੂੰ ਲੁੱਟਣ ਦੀ ਕੋਸ਼ਿਸ਼ ਪਰ ਸਾਇਰਨ ਵੱਜਣ ਕਾਰਨ ਲੁਟੇਰੇ ਫ਼ਰਾਰ ਹੋ ਗਏ। ਸਾਇਰਨ ਵੱਜਣ ਦੀ ਆਵਾਜ਼ ਨਾਲ ਆਸ-ਪਾਸ ਦੇ ਲੋਕ ਵੀ ਜਾਗ ਕੇ ਤੇ ਗੁਆਂਢ ‘ਚ ਰਹਿੰਦੇ ਵਿਅਕਤੀ ਨੂੰ ਲੁਟੇਰਿਆ ਨੂੰ ਭੱਜਦੇ ਹੋਏ ਦੇਖ ਲਿਆ। ਲੁਟੇਰੇ ਸੀਸੀਟੀਵੀ ਦੀ ਫੁਟੇਜ ‘ਚ ਵੀ ਕੈਦ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪ੍ਰਰਾਪਤ ਜਾਣਕਾਰੀ ਅਨੁਸਾਰ ਸਥਾਨਕ ਤਲਵਣ ਰੋਡ ਨੇੜੇ ਫਰੰਡ ਮਾਰਗ ‘ਤੇ ਐੱਸਬੀਆਈ ਦੀ ਸ਼ਾਖਾ ਅੰਦਰ ਬੀਤੀ ਰਾਤ 12 ਵਜੇ ਦੋ ਲੁਟੇਰੇ ਕੰਧ ਟੱਪ ਕੇ ਦਾਖ਼ਲ ਹੋ ਗਏ। ਲੁਟੇਰੇ ਗੇਟ ਨਾਲ ਲੱਗਦੀ ਬੈਂਕ ਦੀ ਬਾਰੀ ਦੀ ਗਰਿੱਲ ਤੋੜ ਕੇ ਅੰਦਰ ਚਲੇ ਗਏ। ਜਿਵੇਂ ਹੀ ਉਨ੍ਹਾਂ ਨੇ ਸਟਰਾਂਗ ਰੂਮ ਦੇ ਦਰਵਾਜ਼ੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੈਂਕ ਦਾ ਸੁਰੱਖਿਆ ਅਲਾਰਮ ਵੱਜ ਗਿਆ। ਸਾਇਰਨ ਦੀ ਆਵਾਜ਼ ਸੁਣ ਕੇ ਬੈਂਕ ਦੇ ਗੁਆਂਢ ‘ਚ ਰਹਿੰਦੇ ਲਘੂ ਉਦਯੋਗ ਭਾਰਤੀ ਦੇ ਮੁਖੀ ਦਰਸ਼ਨ ਸੈਂਹਬੀ ਜਾਗ ਪਏ। ਉਨ੍ਹਾਂ ਨੇ ਬਾਹਰ ਜਾ ਕੇ ਦੋ ਲੁਟੇਰਿਆਂ ਨੂੰ ਦੇਖਿਆ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਤੇ ਬੈਂਕ ਤੋਂ ਬਾਹਰ ਵੱਲ ਨੂੰ ਭੱਜ ਰਹੇ ਸਨ l
ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਤੇ ਬੈਂਕ ਮੈਨੇਜਰ ਪ੍ਰਦੀਪ ਚੌਹਾਨ ਨੂੰ ਦਿੱਤੀ। ਥਾਣੇਦਾਰ ਜੈ ਗੋਪਾਲ ਨੇ ਮੌਕੇ ‘ਤੇ ਪਹੁੰਚ ਕੇ ਲੁਟੇਰਿਆਂ ਵੱਲੋਂ ਵਰਤੀ ਗਈ ਲੋਹੇ ਦੀ ਰਾਡ, ਬਲੇਡ ਤੇ ਕੁਝ ਹੋਰ ਸਾਮਾਨ ਆਪਣੇ ਕਬਜ਼ੇ ‘ਚ ਲੈ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਕਰ ਬੈਂਕ ਦੀ ਸੁਰੱਖਿਆ ਪ੍ਰਣਾਲੀ ਸਮੇਂ ਸਿਰ ਕੰਮ ਨਾ ਕਰਦੀ ਤਾਂ ਲੁਟੇਰੇ ਬੈਂਕ ‘ਚ ਵੱਡੀ ਲੁੱਟ ਨੂੰ ਅੰਜਾਮ ਦੇ ਕੇ ਆਰਾਮ ਨਾਲ ਫ਼ਰਾਰ ਹੋ ਜਾਂਦੇ। ਬੈਂਕ ਮੈਨੇਜਰ ਪ੍ਰਦੀਪ ਚੌਹਾਨ ਨੇ ਦੱਸਿਆ ਕਿ ਬੈਂਕ ਦਾ ਕੈਸ਼ ਤੇ ਲਾਕਰ ਰੂਮ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ, ਬੈਂਕ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਬੈਂਕ ਸ਼ਾਖਾ ਦੀ ਸੁਰੱਖਿਆ ‘ਚ ਹਨ ਕਈ ਖ਼ਾਮੀਆਂ
ਐੱਸਬੀਆਈ ਬੈਂਕ ਦੀ ਉਕਤ ਸ਼ਾਖਾ ‘ਚ ਕਈ ਖਾਮੀਆ ਉਜਾਗਰ ਹੋਈਆ ਹਨ। ਬੈਂਕ ਦੇ ਮੁੱਖ ਗੇਟ ਦੇ ਨਾਲ ਲੱਗਦੀ ਪੁਰਾਣੀ ਖਿੜਕੀ ਦੀ ਲੱਕੜੀ ਪੂਰੀ ਤਰ੍ਹਾਂ ਨਾਲ ਗਲ ਚੁੱਕੀ ਸੀ। ਇਸ ‘ਚ ਲੱਗੀ ਲੋਹੇ ਦੀ ਗਰਿੱਲ ਵੀ ਜੰਗ ਨਾਲ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਸੀ। ਇਹੀ ਕਾਰਨ ਸੀ ਕਿ ਲੁਟੇਰੇ ਬੜੀ ਆਸਾਨੀ ਨਾਲ ਉਸ ਨੂੰ ਤੋੜ ਕੇ ਅੰਦਰ ਚਲੇ ਗਏ। ਬੈਂਕ ਦਾ ਲਾਕਰ ਰੂਮ ਬਿਲਕੁਲ ਸਾਹਮਣੇ ਬਣਾਇਆ ਗਿਆ ਹੈ ਜਿਸ ‘ਤੇ ਕੋਈ ਮਜ਼ਬੂਤ ਲੋਹੇ ਦਾ ਗੇਟ ਨਹੀਂ ਕੇਵਲ ਕਾਲੇ ਸ਼ੀਸ਼ੇ ਵਾਲਾ ਇਕ ਪਤਲਾ ਅਲਮੀਨੀਅਮ ਦਾ ਦਰਵਾਜ਼ਾ ਹੈ, ਜਿਸ ਨੂੰ ਲੁਟੇਰੇ ਆਸਾਨੀ ਨਾਲ ਤੋੜ ਕੇ ਅੰਦਰ ਵੜ ਸਕਦੇ ਸਨ। ਬੈਂਕ ‘ਚ ਹੋਰ ਵੀ ਕਈ ਖ਼ਾਮੀਆਂ ਸਨ,ਜਿਨ੍ਹਾਂ ਦਾ ਲੁਟੇਰੇ ਫ਼ਾਇਦਾ ਉਠਾ ਸਕਦੇ ਸਨ।






