ਡੇਰਾ ਬਾਬਾ ਨਾਨਕ : ਸ੍ਰੀ ਗੁਰੂ ਨਾਨਕ ਦੇਵ ਜੀ ਜਦ ਮੋਦੀਖਾਨਾ ਕਰਦੇ ਸਨ ਤਾਂ ਉਨ੍ਹਾਂ ਮੋਦੀਖਾਨਾ ਲੁੱਟਾ ਦਿੱਤਾ ਤੇ ਇਕ ਦਿਨ ਗੁਰੂ ਜੀ ਵੇਈਂ ਨਦੀ ਜੋ ਕਿ ਸੁਲਤਾਨਪੁਰ ਸਾਹਿਬ ਦੇ ਨਜ਼ਦੀਕ ਵਗਦੀ ਹੈ, ਵਿਚ ਇਸ਼ਨਾਨ ਕਰਨ ਵਾਸਤੇ ਗਏ। ਜਦ ਉਨ੍ਹਾਂ ਵੇਈਂ ਨਦੀ ’ਚ ਚੁੱਭੀ ਲਗਾਈ ਤਾਂ ਉਹ ਅਲੋਪ ਹੋ ਗਏ। ਆਪ ਕਲਯੁੱਗੀ ਜੀਵਾਂ ਨੂੰ ਉਲਾਹ ਦੇ ਕੇ ਨਿਰੰਕਾਰ ਪਾਸ ਪਹੁੰਚੇ ਤਾਂ ਨਿਰੰਕਾਰ ਪਾਸੋਂ ਮੂਲ ਮੰਤਰ ਤੇ ਉਦਾਸੀ ਲਿਬਾਸ ਦੀਆਂ ਛੇ ਚੀਜ਼ਾਂ ਸ੍ਰੀ ਚੋਲਾ ਸਾਹਿਬ, ਸੇਹਲੀ, ਟੋਪੀ, ਮਾਲਾ, ਪੋਥੀ ਤੇ ਪੋਵੇ ਪ੍ਰਾਪਤ ਕਰ ਕੇ ਤੀਸਰੇ ਦਿਨ ਬਾਹਰ ਆਏ। ਉਸ ਤੋਂ ਬਾਅਦ ਸੁਲਤਾਨਪੁਰ ਸਾਹਿਬ ਦੀਆਂ ਮੜ੍ਹੀਆਂ ਵਿਚ ਆਸਨ ਲਗਾ ਲਿਆ ਤਾਂ ਮਰਦਾਨਾ ਕਹਿਣ ਲੱਗਾ ਕਿ ਮਹਾਰਾਜ ਆਪ ਮੋਦੀਖਾਨੇ ’ਤੇ ਬੈਠੇ ਸੀ ਤਾਂ ਗ਼ਰੀਬ ਲੋਕਾਂ ਨੂੰ ਦਾਨ ਕਰਦੇ ਸੀ ਤੇ ਅੱਜ ਆਪ ਮੜ੍ਹੀਆਂ ਵਿਚ ਆਸਨ ਲਗਾ ਕੇ ਬੈਠ ਗਏ ਹੋ ਤਾਂ ਗੁਰੂ ਮਹਾਰਾਜ ਕਹਿਣ ਲੱਗੇ ਕਿ ਮਰਦਾਨਿਆ ਇਹ ਉਸ ਪਿੰਡ ਦੀਆਂ ਮੜ੍ਹੀਆਂ ਹਨ ਜਿੱਥੇ ਕਈ ਅਭਗਤ ਲੋਕੀ ਮਰ ਗਏ ਹਨ ਜਿਨ੍ਹਾਂ ਦੀ ਅਜੇ ਤੱਕ ਗਤੀ ਨਹੀ ਹੋਈ। ਹੁਣ ਅਸੀ ਜਗਤ ਨੂੰ ਸੋਧਣ ਵਾਸਤੇ ਚੱਲਣਾ ਹੈ ਤੇ ਜਗਤ ਦਾ ਸੁਧਾਰ ਕਰਨਾ ਹੈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ॥
ਚੜਿਆ ਸੋਧਨ ਧਰਤਿ ਲੁਕਾਈ॥
ਫਿਰ ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ ਤੇ ਤੀਜੀ ਉਦਾਸੀ ਵਿਚ ਅਰਬ ਦੇਸ਼ ਗਏ, ਇਥੋਂ ਦਾ ਇਕ ਲਾਜਵਰਦ ਬਾਦਸ਼ਾਹ ਸੀ, ਜਿਹੜਾ ਕਿ ਉਸ ਸਮੇਂ ਹਿੰਦੂਆਂ ’ਤੇ ਬਹੁਤ ਜ਼ੁਲਮ ਕਰਦਾ ਸੀ। ਗੁਰੂ ਮਹਾਰਾਜ ਨੇ ਉਸ ਬਾਦਸ਼ਾਹ ਨੂੰ ਸੁਧਾਰਣ ਦੀ ਖ਼ਾਤਰ ਆਪਣੇ ਚੋਲਾ ਸਾਹਿਬ ਉੱਪਰ 30 ਸੁਪਾਰੇ ਕੁਰਾਨ ਦੇ ਅਤੇ ਉਰਦੂ ਤੇ ਫਾਰਸੀ ਦੀਆਂ ਆਇਤਾਂ ਅਤੇ ਹੋਰ ਕੁਦਰਤੀ ਅੱਖਰ ਅਬਜਦ ਦੇ ਹਿਸਾਬ ਦੇ ਛਾਪਿਆ ਅਤੇ ਅਰਬ ਦੀ ਰਾਜਧਾਨੀ ਵਿਚ ਜਾ ਕੇ ਆਸਨ ਲਗਾ ਲਿਆ। ਹੌਲੀ-ਹੌਲੀ ਖ਼ਬਰ ਬਾਦਸ਼ਾਹ ਤੱਕ ਪਹੁੰਚੀ ਕਿ ਇਕ ਹਿੰਦੂ ਫਕੀਰ ਆਇਆ ਹੈ। ਜਿਸ ਨੇ ਜਿਹੜਾ ਚੋਲਾ ਪਾਇਆ ਹੈ ਉਸ ਉਪਰ ਕੁਰਾਨ ਦੇ ਛੁਪਾਰੇ ਅਤੇ ਕੁਝ ਆਇਤਾਂ ਹਨ ਤਾਂ ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਹੁਕਮ ਦਿੱਤਾ ਕਿ ਜਾਓ ਉਸ ਫਕੀਰ ਦੇ ਗਲੋਂ ਇਹ ਚੋਲਾ ਉਤਾਰ ਲਿਆਓ। ਵਜ਼ੀਰ ਬਾਦਸ਼ਾਹ ਦਾ ਹੁਕਮ ਮੰਨ ਕੇ ਗੁਰੂ ਮਹਾਰਾਜ ਪਾਸ ਆਇਆ ਅਤੇ ਕਿਹਾ ਕਿ ਮਹਾਰਾਜ ਇਹ ਚੋਲਾ ਬਿਰਧ ਹੋ ਗਿਆ ਹੈ ਇਸ ਨੂੰ ਉਤਾਰ ਦਿਓ ਤੇ ਨਵਾਂ ਪਹਿਨ ਲਓ। ਤਾਂ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਸਿੱਖਾ, ਅਸੀਂ ਆਪ ਪਾਇਆ ਨਹੀਂ ਅਤੇ ਨਾ ਹੀ ਆਪ ਲਾਹੁਣਾ ਹੈ। ਅਗਰ ਤੇਰੇ ਕੋਲੋਂ ਲੱਥਦਾ ਹੈ ਤਾਂ ਲਾਹ ਲੈ, ਤਾਂ ਵਜ਼ੀਰ ਗੁਰੂ ਮਹਾਰਾਜ ਜੀ ਦਾ ਚੋਲਾ ਉਤਾਰਨ ਲੱਗਾ ਤਾਂ ਚੋਲਾ ਗੁਰੂ ਜੀ ਦੇ ਸਰੀਰ ਨਾਲ ਜੁੜ ਗਿਆ ਤੇ ਖਿਚੇ ਤਾਂ ਉਸ ਦੇ ਹੱਥ ਵਿਚ ਮਾਸ ਹੀ ਆਵੇ। ਅਖ਼ੀਰ ਵਜ਼ੀਰ ਹੈਰਾਨ ਹੋ ਕੇ ਬਾਦਸ਼ਾਹ ਕੋਲ ਪਹੁੰਚਿਆ ਅਤੇ ਸਾਰੀ ਖ਼ਬਰ ਦਿੱਤੀ ਤਾਂ ਬਾਦਸ਼ਾਹ ਸੁਣ ਕੇ ਹੈਰਾਨ ਹੋਇਆ ਤੇ ਗੁੱਸੇ ਵਿਚ ਆ ਕੇ ਕਹਿਣ ਲੱਗਾ ਕਿ ਉਹ ਫਕੀਰ ਜਾਦੂ ਟੂਣਿਆਂ ਨਾਲ ਨਹੀ ਉਤਾਰਣ ਦਿੰਦਾ ਅਤੇ ਤੁਸੀਂ ਕੁਝ ਤਕਲੀਫ਼ ਦਿਓ ਤਾਂ ਉਹ ਆਪੇ ਹੀ ਉਤਾਰ ਦੇਵੇਗਾ। ਵਜ਼ੀਰ ਬਾਦਸ਼ਾਹ ਦਾ ਹੁਕਮ ਮੰਨ ਕੇ ਗੁਰੂ ਜੀ ਨੂੰ ਅਗਨੀ ਵਿਚ ਭੇਟਾ ਕੀਤਾ, ਸੂਲੀ ’ਤੇ ਚੜ੍ਹਾਇਆ, ਪਿੰਜਰੇ ਵਿਚ ਕੈਦ ਕੀਤਾ, ਪਹਾੜ ਤੋਂ ਡੇਗਿਆ, ਟੋਏ ਪੁੱਟ ਕੇ ਪੂਰਿਆ ਤੇ ਦਰਿਆ ’ਚ ਰੋੜਿ੍ਹਆ ਪਰ ਗੁਰੂ ਮਹਾਰਾਜ ਜੀ ਨੂੰ ਕੋਈ ਨੁਕਸਾਨ ਨਾ ਪੁੱਜਾ। ਆਖ਼ਰਕਾਰ ਇਹ ਸਾਰੇ ਕੌਤਕ ਦੇਖ ਕੇ ਮਾਯੂਸ ਹੋ ਕੇ ਬਾਦਸ਼ਾਹ ਨੂੰ ਗੁਰੂ ਮਹਾਰਾਜ ਦੇ ਚਰਨਾਂ ’ਤੇ ਡਿੱਗਣਾ ਪਿਆ।
ਇਸ ਤਰ੍ਹਾਂ ਫਿਰ ਗੁਰੂ ਮਹਾਰਾਜ ਜੀ ਚਾਰੇ ਉਦਾਸੀਆਂ ਸਮਾਪਤ ਕਰ ਕੇ ਆਖ਼ਰੀ ਅਵੱਸਥਾ ਵਿਚ ਸ੍ਰੀ ਕਰਤਾਰਪੁਰ ਵਿਖੇ ਪਹੁੰਚੇ ਅਤੇ ਉਦਾਸੀ ਬਾਣਾ ਉਤਾਰ ਕੇ ਸੰਸਾਰੀ ਕੱਪੜੇ ਪਹਿਣ ਲਏ ਅਤੇ ਕਰਤਾਰਪੁਰ ਸਾਹਿਬ ਵਿਖੇ 17 ਸਾਲ 5 ਮਹੀਨੇ 9 ਦਿਨ ਖੇਤੀਬਾੜੀ ਕੀਤੀ ਅਤੇ ਕਰਤਾਰਪੁਰ ਵਿਖੇ ਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰਿਆਈ ਦਿੱਤੀ ਅਤੇ ਉਦਾਸੀ ਲਿਬਾਸ ਦੀਆਂ ਛੇ ਚੀਜ਼ਾਂ ਵੀ ਗੁਰ-ਗੱਦੀ ਨਾਲ ਹੀ ਭੇਟ ਕਰ ਦਿੱਤੀਆਂ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੂੰ ਗੁਰ ਗੱਦੀ ਸਮੇਂ ਭੇਟ ਕਰ ਦਿੱਤੀਆਂ। ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸਮੇਂ ਭੇਟ ਕਰ ਦਿੱਤੀਆਂ। ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸਮੇਂ ਭੇਟ ਕਰ ਦਿੱਤੀਆਂ।
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਕਰਵਾ ਰਹੇ ਸਨ, ਉਸ ਸਮੇਂ ਇਕ ਸਿੱਖ ਰੋੜਬੰਸ ਦਾ ਭਾਈ ਤੋਤਾ ਰਾਮ ਜੋ ਕਿ ਬਲਖ ਬੁਖਾਰੇ ਦਾ ਰਹਿਣ ਵਾਲਾ ਸੀ, ਸੇਵਾ ਕਰਨ ਵਾਸਤੇ ਆਇਆ ਹੋਇਆ ਸੀ, ਜਿਸ ਨੇ ਬਹੁਤ ਹੀ ਸੇਵਾ ਕੀਤੀ। ਆਖ਼ਰਕਾਰ ਉਸ ਸਿੱਖ ਦੇ ਪੈਰ ਉੱਪਰ ਕਹੀ ਲੱਗ ਗਈ ਲੇਕਿਨ ਉਹ ਸਿੱਖ ਸੇਵਾ ਤੋਂ ਨਾ ਹਟਿਆ। ਕਿਸੇ ਸਿੱਖ ਨੇ ਸਤਿਗੁਰੂ ਮਹਾਰਾਜ ਜੀ ਅੱਗੇ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਇਕ ਸਿੱਖ ਹੈ, ਜਿਸ ਦੇ ਪੈਰ ਉੱਪਰ ਕਹੀ ਲੱਗ ਗਈ ਹੈ ਲੇਕਿਨ ਉਹ ਸੇਵਾ ਤੋਂ ਨਹੀ ਹੱਟਦਾ।
ਸਤਿਗੁਰੂ ਮਹਾਰਾਜ ਜੀ ਨੇ ਉਸ ਸਿੱਖ ਨੂੰ ਬੁਲਾਇਆ ਅਤੇ ਕਿਹਾ ਕਿ ਭਾਈ ਸਿੱਖਾ ਤੇਰੀ ਸੇਵਾ ਕਬੂਲ ਹੋ ਗਈ ਹੈ ਤੂੰ ਸਾਥੋਂ ਕੁਝ ਮੰਗ ਲੈ ਤਾਂ ਤੋਤਾ ਰਾਮ ਨੇ ਗਲ ਵਿਚ ਪੱਲਾ ਪਾ ਕੇ ਅਰਦਾਸ ਕੀਤੀ ਕਿ ਮਹਾਰਾਜ ਪੁੱਤਰ, ਧੀਆਂ, ਧੰਨ ਦੌਲਤ ਆਪ ਜੀ ਦੀ ਬਖ਼ਸ਼ਿਸ਼ ਹੈ ਪਰ ਮੇਰਾ ਇਲਾਕਾ ਗੁਰਸਿੱਖੀ ਤੋਂ ਰਹਿਤ ਹੈ। ਕੋਈ ਸਿੱਖੀ ਦਾਨ ਬਖ਼ਸ਼ੋ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਚਾਂ ਵਿਚ ਪੈ ਗਏ। ਕਿਉਂਕਿ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਨਹੀਂ ਸੀ ਤਾਂ ਫਿਰ ਗੁਰੂ ਮਹਾਰਾਜ ਜੀ ਨੇ ਸੋਚ ਕੇ ਛੇ ਚੀਜ਼ਾਂ ਵਿਚੋਂ ਪੰਜ ਚੀਜ਼ਾਂ ਸੋਢੀ ਖ਼ਾਨਦਾਨ ਨੂੰ ਵੰਡ ਦਿੱਤੀਆਂ। ਜਿਨ੍ਹਾਂ ’ਚੋਂ ਸੇਹਲੀ, ਟੋਪੀ ਕੀਰਤਪੁਰ ਹੈ ਅਤੇ ਮਾਲਾ ਪੋਥੀ ਅਤੇ ਪੋਵੇ ਗੁਰੂ ਹਰ ਸਹਾਈ ਫਿਰੋਜ਼ਪੁਰ ਜ਼ਿਲੇ੍ਹ ਵਿਚ ਹਨ ਅਤੇ ਸ੍ਰੀ ਚੋਲਾ ਸਾਹਿਬ ਭਾਈ ਤੋਤਾ ਰਾਮ ਨੂੰ ਦੇ ਦਿੱਤਾ।
ਭਾਈ ਤੋਤਾ ਰਾਮ ਚੋਲਾ ਸਾਹਿਬ ਜੀ ਨੂੰ ਆਪਣੇ ਸ਼ਹਿਰ ਲੈ ਗਿਆ ਅਤੇ ਜਿੰਨਾ ਚਿਰ ਉਸ ਦਾ ਸਰੀਰ ਰਿਹਾ ਓਨਾ ਚਿਰ ਸੰਗਤਾਂ ਨੂੰ ਦਰਸ਼ਨ ਕਰਵਾਉਂਦਾ ਰਿਹਾ ਤੇ ਜਦੋਂ ਉਸ ਦਾ ਅੰਤ ਸਮਾਂ ਆਇਆ ਤਾਂ ਉਸ ਨੇ ਸੋਚਿਆ ਮੇਰੇ ਪੁੱਤਰ ਧੀਆਂ ਇਸ ਮਹਾਨ ਚੀਜ਼ ਦੀ ਬੇ-ਅਦਬੀ ਨਾ ਕਰਨ, ਕਿਉਂ ਨਾ ਇਸ ਨੂੰ ਇਕ ਪਹਾੜ ਦੀ ਗੁਫ਼ਾ ਵਿਚ ਰੱਖ ਕੇ ਅੱਗੇ ਪੱਥਰ ਦੇਵਾਂ ਕਿ ਮਹਾਰਾਜ ਆਪ ਜੀ ਦੇ ਘਰੋਂ ਦਾਤ ਲਿਆਂਦੀ ਸੀ, ਹੁਣ ਆਪ ਜਿਸ ਨੂੰ ਹੁਕਮ ਦਿਓਗੇ ਉਹੋ ਹੀ ਇਥੋ ਖੜੇ੍ਹ। ਉਸ ਸਿੱਖ ਨੇ ਇਸੇ ਤਰ੍ਹਾਂ ਕੀਤਾ। ਕਰਤਾਰਪੁਰ ਸਾਹਿਬ ਜਦੋਂ ਗੁਰੂ ਮਹਾਰਾਜ ਜੀ ਜੋਤੀ ਜੋਤ ਸਮਾਏ ਤਾਂ ਦੇਹ ਸਮੇਤ ਅਲੋਪ ਹੋ ਗਏ ਲੇਕਿਨ ਉਪਰ ਇਕ ਚਾਦਰਾ ਰਹਿ ਗਿਆ। ਉਸ ਚਾਦਰੇ ਦਾ ਹਿੰਦੂਆਂ ਤੇ ਮੁਸਲਮਾਨਾ ਵਿਚ ਝਗੜਾ ਪੈ ਗਿਆ। ਅਖ਼ੀਰ ਚਾਦਰੇ ਦੇ ਦੋ ਹਿੱਸੇ ਕੀਤੇ ਗਏ। ਕਰਤਾਰਪੁਰ ਸਾਹਿਬ ਇਕ ਪਾਸੇ ਹਿੰਦੂਆਂ ਨੇ ਸਮਾਧ ਬਣਾ ਲਈ। ਰਾਵੀ ਦਰਿਆ ਨਜ਼ਦੀਕ ਵਗਦਾ ਸੀ ਤੇ ਉਸ ਵਿਚ ਹੜ੍ਹ ਆ ਗਿਆ ਅਤੇ ਉਸ ਨੇ ਕਰਤਾਰਪੁਰ ਨੂੰ ਢਾਹ ਲਾ ਦਿੱਤੀ ਤਾਂ ਫਿਰ ਬਾਬਾ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ ਨੇ ਕਰਤਾਰਪੁਰ ਤੋਂ ਭਪੂਤੀ ਵਾਲਾ ਗੜਵਾ ਪੁੱਟ ਕੇ ਡੇਰਾ ਬਾਬਾ ਨਾਨਕ ਜੋ ਕਿ ਦਰਬਾਰ ਸਾਹਿਬ, ਇਥੇ ਸਥਾਪਤ ਕੀਤਾ ਅਤੇ ਬਾਬਾ ਜੀ ਦੇ ਨਾਮ ਦਾ ਸ਼ਹਿਰ ਆਬਾਦ ਕਰ ਦਿੱਤਾ ਡੇਰਾ ਬਾਬਾ ਨਾਨਕ।
ਚੋਲਾ ਸਾਹਿਬ ਦਾ ਡੇਰਾ ਬਾਬਾ ਨਾਨਕ ਪਹੁੰਚਣਾ : ਗੁਰੂ ਮਹਾਰਾਜ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਸਾਹਿਬ ਜੀ ਅਤੇ ਬਾਬਾ ਲਖਮੀ ਦਾਸ ਜੀ ਸਨ। ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਸ਼ਾਦੀ ਨਹੀ ਕਰਵਾਈ ਸੀ ਅਤੇ ਲਖਮੀ ਦਾਸ ਜੀ ਨੇ ਸ਼ਾਦੀ ਕਰਵਾਈ ਸੀ ਅਤੇ ਇਹਨਾਂ ਦੀ ਅੰਸ਼ 8ਵੀਂ ਪੀੜ੍ਹੀ ਅਤੇ ਗੁਰੂ ਮਹਾਰਾਜ ਜੀ ਤੋਂ 9ਵੀਂ ਪੀੜ੍ਹੀ ਤੋਂ ਬਾਬਾ ਕਾਬਲੀ ਮੱਲ ਜੀ ਹੋਏ ਜੋ ਕਿ ਬਹੁਤ ਭਜਨੀਕ ਸਨ। ਆਪ ਜੀ ਤੋਂ 260 ਸਾਲ ਪਹਿਲਾਂ ਗੁਰੂ ਮਹਾਰਾਜ ਨੇ ਸੁਫਨਾ ਦਿੱਤਾ ਤੇ ਕਿਹਾ ਕਿ ਸਾਡੇ ਅੰਗ ਦਾ ਬਸਤਰ ਬਲਖ ਬੁਖਾਰੇ ਦੇ ਪਹਾੜ ਵਿਚ ਪਿਆ ਹੈ। ਉਹ ਤੁਸੀਂ ਜਾ ਕੇ ਲਿਆਓ ਤਾਂ ਕਾਬਲੀ ਮੱਲ ਜੀ ਗੁਰੂ ਮਹਾਰਾਜ ਜੀ ਦਾ ਹੁਕਮ ਮੰਨ ਕੇ ਕੁਝ ਸਮੇਂ ਬਾਅਦ ਉਥੇ ਪਹੁੰਚੇ ਤਾਂ ਉਥੇ ਦੀ ਸੰਗਤ ਨੂੰ ਆਖਿਆ ਕਿ ਇਸ ਪਹਾੜ ਦੀ ਗੁਫ਼ਾ ਵਿਚ ਮਹਾਰਾਜ ਜੀ ਦੇ ਅੰਗ ਦਾ ਬਸਤਰ ਹੈ, ਲੇਕਿਨ ਪੱਥਰ ਨਹੀਂ ਹਟਦਾ। ਬਾਬਾ ਜੀ ਸੋਚੀਂ ਪੈ ਗਏ ਅਤੇ ਰਾਤ ਠਹਿਰੇ ਤਾਂ ਫਿਰ ਗੁਰੂ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਤੇ ਕਿਹਾ ਕਿ ਬੱਚਾ ਘਬਰਾ ਕਿਉਂ ਗਿਆ ਹੈ। ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰ ਕੇ ਅਤੇ ਕੜਾਹ ਪ੍ਰਸ਼ਾਦਿ ਕਰ ਕੇ ਜਪੁਜੀ ਸਾਹਿਬ ਦਾ ਪਾਠ ਕਰ ਕੇ ਪੰਜ ਛਿੱਟੇ ਜਲ ਦੇ ਮਾਰੋ ਤਾਂ ਬਾਬਾ ਕਾਬਲੀ ਮੱਲ ਜੀ ਨੇ ਅੰਮ੍ਰਿਤ ਵੇਲੇ ਇਸੇ ਤਰ੍ਹਾਂ ਕੀਤਾ ਤੇ ਪੱਥਰ ਅੱਧਾ ਇਕ ਪਾਸੇ ਹੋ ਗਿਆ। ਉਥੋਂ ਸ੍ਰੀ ਚੋਲਾ ਸÇਾਹਬ ਜੀ ਲੈ ਕੇ ਬਾਬਾ ਜੀ 21 ਫੱਗਣ ਨੂੰ ਡੇਰਾ ਬਾਬਾ ਨਾਨਕ ਪਹੁੰਚੇ ਜਿਸ ਦੀ ਸੇਵਾ ਸੱਚਖੰਡ ਵਾਸੀ ਸ੍ਰੀਮਾਨ 108 ਬਾਬਾ ਅਨੂਪ ਸਿੰਘ ਬੇਦੀ ਸਾਹਿਬ ਦੇ ਸਪੁੱਤਰ ਸ੍ਰੀਮਾਨ ਬਾਬਾ ਅਵਤਾਰ ਸਿੰਘ ਜੀ ਬੇਦੀ ਗੱਦੀ ਨਸ਼ੀਨ ਕਰਵਾ ਰਹੇ ਹਨ।
ਜ਼ਿਕਰਯੋਗ ਹੈ ਕਿ ਪਹਿਲਾਂ ਸ੍ਰੀ ਚੋਲਾ ਸਾਹਿਬ ਜੀ ਦੀ ਸੇਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ 15ਵੀਂ ਅੰਸ ਬੰਸ ਸੱਚਖੰਡ ਵਾਸੀ ਬਾਬਾ ਅਨੂਪ ਸਿੰਘ ਜੀ ਬੇਦੀ ਕਰਦੇ ਰਹੇ। ਸੰਨ 2003 ਵਿਚ ਬਾਬਾ ਅਨੂਪ ਸਿੰਘ ਜੀ ਬੇਦੀ ਨੇ ਆਪਣੀ ਦੂਰ ਅੰਦੇਸ਼ੀ ਸੋਚ ਸਦਕਾ ਆਪਣੇ ਸਭ ਤੋਂ ਛੋਟੇ ਸਪੁੱਤਰ ਬਾਬਾ ਅਵਤਾਰ ਸਿੰਘ ਜੀ ਬੇਦੀ ਨੂੰ ਇਸ ਗੱਦੀ ਦਾ ਵਾਰਸ ਥਾਪ ਦਿੱਤਾ ਤੇ ਸੰਗਤਾਂ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੰਦਿਆਂ ਚੋਲਾ ਸਾਹਿਬ ਦੀ ਸਾਂਭ ਸੰਭਾਲ ਤੇ ਸੇਵਾ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਸਾਲ 2005 ਵਿਚ ਬਾਬਾ ਅਨੂਪ ਸਿੰਘ ਜੀ ਬੇਦੀ ਚੋਲਾ ਸਾਹਿਬ ਵਾਲੇ ਸੱਚਖੰਡ ਪਿਆਨਾ ਕਰ ਗਏ ਅਤੇ ਉਨ੍ਹਾਂ ਦੇ ਸੱਚਖੰਡ ਬਿਰਾਜਣ ਉਪਰੰਤ ਉਦੋਂ ਤੋਂ ਹੀ ਉਨ੍ਹਾਂ ਦੇ ਸਪੁੱਤਰ ਸ੍ਰੀਮਾਨ ਮਹੰਤ ਬਾਬਾ ਅਵਤਾਰ ਸਿੰਘ ਜੀ ਬੇਦੀ ਗੱਦੀ ਨਸ਼ੀਨ ਚੋਲਾ ਸਾਹਿਬ ਵਾਲੇ, ਸੱਚਖੰਡ ਵਾਸੀ ਬਾਬਾ ਅਨੂਪ ਸਿੰਘ ਜੀ ਬੇਦੀ ਚੋਲਾ ਸਾਹਿਬ ਵਾਲਿਆਂ ਦੇ ਪੂਰਨਿਆਂ ’ਤੇ ਚਲਦੇ ਹੋਏ ਸੰਗਤਾਂ ਦੀ ਸੇਵਾ ਬਾਖ਼ੂਬੀ ਨਿਭਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਆਰੰਭੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਸੰਗਤਾਂ ਨੂੰ ਗੁਰਸਿੱਖੀ ਨਾਲ ਜੋੜ ਰਹੇ ਹਨ। ਬਾਬਾ ਅਨੂਪ ਸਿੰਘ ਜੀ ਬੇਦੀ ਚੋਲਾ ਸਾਹਿਬ ਵਾਲਿਆਂ ਵਾਂਗ ਹੀ ਇਲਾਕੇ ਦੀਆਂ ਸੰਗਤਾਂ ਵੱਲੋਂ ਬਾਬਾ ਅਵਤਾਰ ਸਿੰਘ ਜੀ ਬੇਦੀ ਚੋਲਾ ਸਾਹਿਬ ਵਾਲਿਆਂ ਨੂੰ ਅਥਾਹ ਪਿਆਰ ਤੇ ਸਤਿਕਾਰ ਦਿੱਤਾ ਜਾ ਰਿਹਾ ਹੈ।
ਮੇਲਾ ਸ੍ਰੀ ਚੋਲਾ ਸਾਹਿਬ ਉਸ ਸਮੇਂ ਤੋਂ ਲੱਗਾ ਜਿਸ ਸਮੇਂ ਬਾਬਾ ਕਾਬਲੀ ਮੱਲ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਲਿਆਏ ਉਦੋਂ ਤੋਂ ਹੀ 20 ਫੱਗਣ ਨੂੰ ਅਖੰਡ ਪਾਠ ਰੱਖੇ ਜਾਂਦੇ ਹਨ ਅਤੇ 21 ਫੱਗਣ ਨੂੰ ਲੱਖਾਂ ਸੰਗਤਾਂ ਦੁਆਬੇ, ਮਾਲਵੇ, ਦੇਸ਼ਾਂ, ਪ੍ਰਦੇਸ਼ਾਂ ਤੇ ਹੋਰਨਾਂ ਥਾਵਾਂ ਤੋਂ ਬੜੀ ਧੂਮ ਧਾਮ ਨਾਲ ਸ਼ਬਦ ਕੀਰਤਨ ਕਰਦੀਆਂ ਪਹੁੰਚਦੀਆਂ ਹਨ। 22, 23 ਤੇ 24 ਫੱਗਣ ਨੂੰ ਪਵਿੱਤਰ ਸ੍ਰੀ ਚੋਲਾ ਸਾਹਿਬ ਜੀ ਦੇ ਸੰਗਤਾਂ ਦਰਸ਼ਨ ਕਰਦੀਆਂ ਹਨ ਅਤੇ ਮਨ ਦੀਆਂ ਮੁਰਾਦਾਂ ਪਾਉਂਦੀਆਂ ਹਨ।
ਸੱਤ ਪਾਲ ਜ਼ਖਮੀ
ਪੱਤਰਕਾਰ ਡੇਰਾ ਬਾਬਾ ਨਾਨਕ।
ਮੋ:ਨੰ: 98724-40084






