‘ਮੁਹਾਲੀ ਦੇ ਮਿਡਲ ਸਕੂਲਾਂ ’ਚ ਦਾਖ਼ਲਿਆਂ ਹਾਲ’ ਦੀਆਂ ਵਿਸ਼ੇਸ਼ ਖ਼ਬਰਾਂ ਵਿਚ ਸਿੱਖਿਆ ਬਲਾਕ ਖਰੜ-1 ਦੇ ਸਰਕਾਰੀ ਸਕੂਲ ਬੜਮਾਜਰਾ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਬਡਮਾਜਰਾ, ਜ਼ਿਲ੍ਹੇ ਦਾ ਇਕਲੌਤਾ ਸਭ ਤੋਂ ਵਧੇਰੇ ਵਿਦਿਆਰਥੀਆਂ ਵਾਲਾ ਸਕੂਲ ਹੈ। ਅਕਾਦਮਿਕ ਸਾਲ 2023-24 ਦੌਰਾਨ ਇਥੇ 285 ਵਿਦਿਆਰਥੀ ਦਾਖ਼ਲ ਹੋਏ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਵਿਚ ਕੁੜੀਆਂ ਦੀ ਗਿਣਤੀ 157 ਤੇ 128 ਲੜਕੇ ਹਨ। ਖਰੜ ਤੋਂ ਮੁਹਾਲੀ ਆਉਂਦਿਆਂ ਕੌਮੀ ਸ਼ਾਹ ਰਾਹ-21 ’ਤੇ ਖੱਬੇ ਪਾਸੇ ਸਥਿਤ ਪਿੰਡ ਬੜਮਾਜਰਾ ਹਾਈਟੈੱਕ ਸ਼ਹਿਰ ਮੁਹਾਲੀ ਦੇ ਫੇਜ਼-6 ਤੋਂ ਦੋ ਕਿਲੋਮੀਟਰ ਦੇ ਫ਼ਾਸਲੇ ’ਤੇ ਸਥਿਤ ਹੈ, ਜਿਥੇ ਬਹੁ-ਗਿਣਤੀ ਵਿਦਿਆਰਥੀ ਪਰਵਾਸੀ ਮਜ਼ਦੂਰਾਂ ਦੇ ਬੱਚੇ ਹਨ। ਕੁੱਲ ਵਿਦਿਆਰਥੀਆਂ ਵਿਚੋਂ 235 ਉੱਤਰ ਪ੍ਰਦੇਸ਼, ਬਿਹਾਰ ਤੇ ਹੋਰਨਾਂ ਸੂਬਿਆਂ ਤੋਂ ਕੰਮ ਰੁਜ਼ਗਾਰ ਦੀ ਭਾਲ ’ਚ ਆਏ ਆਪਣੇ ਪੁਰਖਿਆਂ ਦੇ ਨਾਲ ਇੱਥੇ ਆਏ ਹਨ। ਮਜ਼ੇਦਾਰ ਗੱਲ ਇਹ ਹੈ ਕਿ ਇਹ ਹੁਣ ਭੋਜਪੁਰੀ, ਮੈਥਲੀ ਜਾਂ ਗੜ੍ਹਵਾਲੀ ਬੋਲੀ ’ਚ ਗੱਲ ਨਹੀਂ ਕਰਦੇ, ਬਲਕਿ ਮਾਂ-ਬੋਲੀ ਨਾ ਹੋਣ ਦੇ ਬਾਵਜੂਦ ‘ਪੰਜਾਬੀ’ ਦੀ ਬਾਤ ਪਾਉਂਦੇ ਹਨ।
ਪੰਜਾਬੀ ਮਾਧਿਅਮ ਤੋਂ ਕਤਰਾਅ ਰਹੇ ਪੰਜਾਬੀ
ਜ਼ਿਲ੍ਹੇ ਦੇ ਸ਼ਹਿਰ ਨੇੜੇ ਪਿੰਡਾਂ ਤੇ ਕਸਬਿਆਂ ਦੇ ਸਕੂਲਾਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸਰਕਾਰੀ ਸਕੂਲਾਂ ਵਿਚ ਹੁਣ ਜਾਂ ਤਾਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀ ਪੜ੍ਹਦੇ ਹਨ ਜਾਂ ਪ੍ਰਵਾਸੀ ਮਜ਼ਦੂਰਾਂ ਦੇ। ਭਾਰਤ ਦੇ ਦੂਜੇ ਸੂਬਿਆਂ ਤੋਂ ਪੰਜਾਬ ਰੁਜ਼ਗਾਰ ਦੀ ਭਾਲ਼ ’ਚ ਆਏ ਮਜ਼ਦੂਰਾਂ ਦੀ ਭਾਵੇਂ ਮਾਂ ਬੋਲੀ ਪੰਜਾਬੀ ਨਹੀਂ ਉਨ੍ਹਾਂ ਦੇ ਜੁਆਕ ਪੰਜਾਬੀ ਮਾਧਿਅਮ ਸਕੂਲਾਂ ’ਚ ਸਿੱਖਿਆ ਹਾਸਲ ਕਰ ਰਹੇ ਹਨ।
ਇਹ ਵੀ ਅਹਿਮ ਹੈ ਕਿ ਪੰਜਾਬੀ ਮਾਧਿਅਮ ’ਚ ਪੜ੍ਹਾਈ ਕਰਨ ਦੇ ਨਾਲ-ਨਾਲ, ਇਹ ਵਿਦਿਆਰਥੀ ਹੁਣ ਪੰਜਾਬੀ ਨੂੰ ਬੋਲਚਾਲ ਦੀ ਭਾਸ਼ਾ ਵਜੋਂ ਵੀ ਅਪਣਾਅ ਰਹੇ ਹਨ। ਸਿੱਕੇ ਦਾ ਦੂਜਾ ਪਰ ਖ਼ਤਰਨਾਕ ਪਹਿਲੂ ਇਹ ਹੈ ਕਿ ਖ਼ੁਦ ਬਡਮਾਜਰਾ ਦੇ ਜੱਦੀ ਬਾਸ਼ਿੰਦਿਆਂ ਦੇ (ਪੰਜਾਬੀਆਂ ਦੇ ਜੁਆਕ) ਬੱਚੇ ਕੌਮਾਂਤਰੀ ਸਿੱਖਿਆ ਦੇ ਹਾਣ ਦਾ ਬਣਨ ਲਈ ਅੰਗਰੇਜ਼ੀ ਮਾਧਿਅਮ ਸਕੂਲਾਂ ’ਚ ਪੜ੍ਹ ਰਹੇ ਹਨ। ਵੇਰਵਿਆਂ ਅਨੁਸਾਰ ਇਸ ਸਕੂਲ ਵਿਚ ਬੜਮਾਜਰਾ ਤੋਂ ਕੇਵਲ 50 ਵਿਦਿਆਰਥੀ ਹੀ ਸਿੱਖਿਆ ਲੈ ਰਹੇ ਹਨ। ਬਾਕੀ ਵਿਦਿਆਰਥੀ ਖ਼ਾਸ ਕਰਕੇ ਚੰਡੀਗੜ੍ਹ ਤੇ ਮੁਹਾਲੀ ਦੇ ਸਕੂਲਾਂ ਜਿੱਥੇ ‘ਪੰਜਾਬੀ’ ਬੋਲਣ ’ਤੇ ਪਾਬੰਦੀ ਤੇ ਜੁਰਮਾਨਾ ਹੈ, ਜਿਸ ’ਚ ਸਿੱਖਿਆ ਹਾਸਲ ਕਰ ਰਹੇ ਹਨ। ‘ਪੰਜਾਬੀ ਜਾਗਰਣ’ ਦੀ ਟੀਮ ਨੇ ਜਦੋਂ ਸਕੂਲ ’ਚ ਜਾ ਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤਾਂ ਬੋਲਚਾਲ ਦੀ ਭਾਸ਼ਾ ਦਾ ਲਹਿਜਾ ਮਿਆਰੀ ਤੇ ਬਹੁਤ ਚੰਗਾ ਸੀ। ਗੱਲ ਕਰਨ ’ਤੇ ਇਹ ਵੀ ਪਤਾ ਚੱਲਿਆ ਇਨ੍ਹਾਂ ਵਿਦਿਆਰਥੀਆਂ ਦੇ ਮਾਪੇ ਜ਼ਿਆਦਾਤਰ ਸਬਜ਼ੀ ਦੀਆਂ ਰੇਹੜੀਆਂ, ਫ਼ੈਕਟਰੀਆਂ ’ਚ ਵਰਕਰਾਂ ਵਜੋਂ ਕੰਮ ਕਰਦੇ ਹਨ।
—————
ਅਧਿਆਪਕ-ਵਿਦਿਆਰਥੀ ਅਨੁਪਾਤ ਦਰੁਸਤ
ਅਹਿਮ ਤੱਥ ਇਹ ਵੀ ਹੈ ਕਿ ਸਿੱਖਿਆ ਬਲਾਕ ਖਰੜ-1 ਦੇ ਇਸ ਬਲਾਕ ਦਾ ਬੜਮਾਜਰਾ ਇਕਲੌਤਾ ਸਕੂਲ ਹੈ ਜਿੱਥੇ ਇਕ ਅਧਿਆਪਕ ਦੇ ਹਿੱਸੇ 40 ਕੁ ਵਿਦਿਆਰਥੀਆਂ ਆਉਂਦੇ ਹਨ। ਇਹੀ ਮਾਪਦੰਡ ਤੇ ਪ੍ਰਤੀ ਵਿਦਿਆਰਥੀਆਂ ਅਨੁਪਾਤ ਸਿੱਖਿਆ ਵਿਭਾਗ ਨੇ ਬਣਾਏ ਹੋਏ ਹਨ। ਇੱਥੇ 6ਵੀਂ,7ਵੀਂ,8ਵੀਂ ਜਮਾਤਾਂ ਵਿਚ ਕ੍ਰਮਵਾਰ 120,67,98 ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ਨੂੰ 7 ਅਧਿਆਪਕਾਵਾਂ ਪੜ੍ਹਾ ਰਹੀਆਂ ਹਨ। ਜ਼ਿਲ੍ਹੇ ਦੇ 8 ਬਲਾਕਾਂ ਤੋਂ ਪ੍ਰਪਤ ਸਕੂਲਾਂ ਦੇ ਵੇਰਵਿਆਂ ਅਨੁਸਾਰ ਕੁੱਲ 100 ਸਕੂਲਾਂ ਵਿਚੋਂ 76 ਸਕੂਲ ਅਜਿਹੇ ਹਨ ਜਿੱਥੇ ਵਿਦਿਆਰਥੀਆਂ ਦੀ ਗਿਣਤੀ ਇੰਨੀ ਘੱਟ ਹੈ ਕਿ ਇਕ ਸੈਕਸ਼ਨ ਵਿਚ ਤੈਅਸ਼ੁਦਾ ਨਿਯਮਾਂ ਤੋਂ ਅੱਧੇ ਵਿਦਿਆਰਥੀ ਵੀ ਨਹੀਂ ਹਨ।






